ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਡਾ. ਕਰਨੈਲ ਸਿੰਘ ਥਿੰਦ ਦੇ ਸਦੀਵੀ ਵਿਛੋੜੇ ’ਤੇ ਡੂੰਘੇ
ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਕਰਨੈਲ ਸਿੰਘ ਥਿੰਦ ਪੰਜਾਬੀ ਲੋਕਧਾਰਾ ਦੇ ਟਕਸਾਲੀ ਵਿਦਵਾਨ ਸਨ। ਪੰਜਾਬੀ ਲੋਕਧਾਰਾ ਦੀ ਪ੍ਰਮਾਣਿਕ ਪਛਾਣ ਬਣਾਉਣ ਅਤੇ ਇਕ ਅਹਿਮ ਵਿਸ਼ੇ ਵਜੋਂ ਇਸ ਨੂੰ ਅਕਾਦਮਿਕ ਕੋਰਸਾਂ ਦਾ ਸਜੀਵ ਤੇ ਸ਼ਕਤੀਸ਼ਾਲੀ ਅੰਗ ਬਣਾਉਣ ਵਿਚ ਉਨ੍ਹਾਂ ਮੁੱਲਵਾਨ ਯੋਗਦਾਨ ਪਾਇਆ।
ਉਨ੍ਹਾਂ ਦੀ ਦੂਰ ਅੰਦੇਸ਼ ਦਿ੍ਸ਼ਟੀ, ਉਚੇਰੀ ਸੂਝ ਤੇ ਖੋਜੀ ਬਿਰਤੀ ਨੇ ਸਭਿਆਚਾਰ ਵਿਗਿਆਨ ਤੇ ਵਿਰਾਸਤੀ ਗੌਰਵ ਦਾ ਸੁਮੇਲ ਕਰਦਿਆਂ ਮੌਲਿਕ ਧਾਰਨਾਵਾਂ ਪ੍ਰਸਤੁਤ ਕੀਤੀਆਂ। ਉਨ੍ਹਾਂ ਦਸਿਆ ਡਾ. ਕਰਨੈਲ ਸਿੰਘ ਥਿੰਦ ਹੋਰਾਂ ਖ਼ਾਲਸਾ ਕਾਲਜ ਅੰਮਿ੍ਰਤਸਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਪੜ੍ਹਾਉਣ ਤੋਂ ਇਲਾਵਾ ਪਹਿਲਾਂ ਵਿਭਾਗ ਦੇ ਮੁਖੀ ਤੇ ਫਿਰ ਰਜਿਸਟਰਾਰ ਰਹੇ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੇੇ ਸਮੇਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।