ਲੁਧਿਆਣਾ : ਪੰਜਾਬ ਦੇ ਰਾਜਪਾਲ ਨੇ ਬੀਤੇ ਦਿਨੀਂ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਵਿੱਚ ਅਗਾਂਹਵਧੂ ਕਿਸਾਨ ਨੂੰ ਮੈਂਬਰ ਬਣਾਇਆ ਹੈ । ਇਸ ਬਾਰੇ ਹੋਣ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਦੱਸਿਆ ਕਿ ਜਿ਼ਲ੍ਹਾ ਫਰੀਦਕੋਟ ਦੇ ਨਿਊ ਹਰਿੰਦਰ ਨਗਰ ਦੇ ਨਿਵਾਸੀ ਅਮਨਪ੍ਰੀਤ ਸਿੰਘ ਸਪੱੁਤਰ ਮਹਿੰਦਰ ਸਿੰਘ ਨੂੰ ਪ੍ਰਬੰਧਕੀ ਬੋਰਡ ਦਾ ਅਣ-ਅਧਿਕਾਰਤ ਮੈਂਬਰ ਨਿਯੁਕਤ ਕੀਤਾ ਗਿਆ ਹੈ ।
ਇਥੇ ਜ਼ਿਕਰਯੋਗ ਹੈ ਕਿ ਅਮਨਪ੍ਰੀਤ ਸਿੰਘ 1982 ਵਿੱਚ ਪੈਦਾ ਹੋਏ ਅਤੇ ਫ਼ਸਲੀ ਵਿਭਿੰਨਤਾ ਦੇ ਖੇਤਰ ਵਿੱਚ ਅਗਾਂਹਵਧੂ ਤਕਨੀਕਾਂ ਅਪਨਾਉਣ ਵਾਲੇ ਕਿਸਾਨ ਹਨ । ਉਹਨਾਂ ਨੇ ਕਣਕ-ਝੋਨੇ ਦਾ ਫਸਲੀ ਚੱਕਰ ਛੱਡ ਕੇ ਪਿਛਲੇ 20 ਸਾਲਾਂ ਤੋਂ ਖੇਤੀ ਵਿੱਚ ਨਵੇਂ ਤਜਰਬੇ ਕੀਤੇ ਹਨ । ਪਿੰਡ ਹਰੀਏ ਵਾਲਾ ਵਿੱਚ ਬਾਗਬਾਨੀ ਨਾਲ ਜੁੜੇ ਸ. ਅਮਨਪ੍ਰੀਤ ਸਿੰਘ ਨੇ ਵਪਾਰਕ ਤੌਰ ਤੇ ਫਲਾਂ ਦੀ ਕਾਸ਼ਤ ਨੂੰ ਅਪਨਾਇਆ ਅਤੇ ਕਿੰਨੂ ਨੂੰ ਨਵੇਂ ਤਰੀਕਿਆਂ ਨਾਲ ਪੈਦਾ ਕਰਕੇ ਮਿਸਾਲ ਪੈਦਾ ਕੀਤੀ ।
ਕਿ੍ਸ਼ੀ ਵਿਗਿਆਨ ਕੇਂਦਰ ਫਰੀਦਕੋਟ ਅਤੇ ਪੀ.ਏ.ਯੂ. ਤੋਂ ਨਵੀਨ ਸਿਖਲਾਈ ਲੈ ਕੇ ਆਪਣੀ ਮੁਹਾਰਤ ਨਿਖਾਰਦਿਆਂ ਉਹਨਾਂ ਨੇ ਸੈਂਟਰਲ ਸਿਟਰਸ ਰਿਸਰਚ ਇੰਸਟੀਚਿਊਟ ਤੋਂ ਵੀ ਲੋੜੀਂਦੀ ਜਾਣਕਾਰੀ ਹਾਸਲ ਕੀਤੀ । ਚਾਰ ਏਕੜ ਵਿੱਚ ਕਿੰਨੂ ਦੀ ਕਾਸ਼ਤ ਸ਼ੁਰੂ ਕਰਨ ਵਾਲੇ ਅਮਨਪ੍ਰੀਤ ਸਿੰਘ ਹੋਰ ਫਸਲਾਂ ਵਿੱਚ ਆਲੂ, ਕਣਕ, ਝੋਨਾ, ਬਾਸਮਤੀ ਅਤੇ ਨਰਮੇ ਦੀ ਬਿਜਾਈ 22 ਏਕੜ ਵਿੱਚ ਕਰਦੇ ਹਨ । ਹੁਣ ਉਹਨਾਂ ਦੀ ਬਾਗਬਾਨੀ ਦਾ ਦਾਇਰਾ 55 ਏਕੜ ਵਿੱਚ ਫੈਲਿਆ ਹੋਇਆ ਹੈ ।