ਲੁਧਿਆਣਾ : ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਸੁਚੱਜੀ ਦੇਖ-ਰੇਖ ਹੇਠ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਿਛਲੇ ਇਕ ਹਫ਼ਤੇ ਤੋ ਚੱਲ ਰਹੇ ਸ਼ਹੀਦੀ ਗੁਰਮਤਿ ਸਮਾਗਮ ਦੀ ਸੰਪੂਰਨਤਾ ਜੈਕਾਰਿਆਂ ਦੀ ਗੂੰਜ ‘ਚ ਹੋਈ।
ਇਸ ਮੌਕੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਦਸਮ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਿੱਖ ਕੌਮ ਦੇ ਇਤਿਹਾਸ ਦਾ ਉਹ ਲਾਸਾਨੀ ਪੰਨਾ ਹੈ, ਜਿਸ ਨੂੰ ਪੜ੍ਹ-ਸੁਣ ਕੇ ਸਿੱਖ ਨੌਜਵਾਨ ਤੇ ਬੱਚੇ ਸੇਧ ਤੇ ਅਗਵਾਈ ਹਾਸਲ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ, ਗੁਰਮਤਿ ਸਿਧਾਂਤਾਂ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਨਾਲ ਜੋੜਨ ਲਈ ਮਾਪੇ ਸੁਹਿਰਦ ਢੰਗ ਨਾਲ ਆਪਣੀ ਵੱਡੀ ਭੂਮਿਕਾ ਨਿਭਾਅ ਸਕਦੇ ਹਨ, ਕਿਉਂਕਿ ਛੋਟੀ ਉਮਰ ‘ਚ ਬੱਚਿਆਂ ਅੰਦਰ ਧਰਮ ਅਤੇ ਵਿਰਸੇ ਦੀ ਜਾਗ ਉਨ੍ਹਾਂ ਦੇ ਜੀਵਨ ਦਾ ਸਦੀਵ ਕਾਲ ਲਈ ਹਿੱਸਾ ਬਣ ਸਕਦੀ ਹੈ। ਇਸ ਦੌਰਾਨ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਅਨੇਕਾਂ ਸਾਕਿਆਂ ਤੇ ਘੱਲੂਘਾਰਿਆਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ।
ਉਨ੍ਹਾਂ ਕਿਹਾ ਕਿ ਸਰਹਿੰਦ ਸਾਕੇ ਨੂੰ ‘ਨਿੱਕੀਆਂ ਜਿੰਦਾਂ-ਵੱਡਾ ਸਾਕਾ’ ਵਜੋਂ ਯਾਦ ਕੀਤਾ ਜਾਂਦਾ ਹੈ। ਇਹ ਸਾਕਾ ਦਸਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਦਾ ਲਾਸਾਨੀ ਸਾਕਾ ਹੈ, ਜਿਸ ਨੂੰ ਯਾਦ ਕਰਦੇ ਹੋਏ ਅੱਜ ਹਰ ਸਿੱਖ ਨੌਜਵਾਨ ਤੇ ਬੱਚਾ ਇਹ ਪ੍ਰਣ ਕਰੇ ਕਿ ਉਹ ਗੁਰੂ ਵਾਲਾ ਬਣ ਕੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਨਾ ਲਵੇਗਾ ਅਤੇ ਹਰ ਮਾਂ, ਮਾਤਾ ਗੁਜਰੀ ਜੀ ਵਰਗੀ ਬਣੇਗੀ ਤਾਂ ਜੋ ਉਹ ਆਪਣੇ ਬੱਚਿਆਂ ‘ਚ ਗੁਰਸਿੱਖੀ ਦਾ ਜਜ਼ਬਾ ਪੈਦਾ ਕਰ ਸਕੇ। ਸ਼ਹੀਦੀ ਗੁਰਮਤਿ ਸਮਾਗਮ ਦੌਰਾਨ ਗੁਰੂ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਵੀਰ ਰਸ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ।