ਪੰਜਾਬੀ
ਕਿਸਾਨ ਯੂਨੀਅਨ ਨੇ ਜਗਰਾਉਂ ਦੇ ਬੀਡੀਪੀਓ, ਸੈਕਟਰੀ ਤੇ ਜੇਈ ਸਮੇਤ ਸਟਾਫ ਦਾ ਦਫ਼ਤਰ ‘ਚ ਕੀਤਾ ਘਿਰਾਓ
Published
3 years agoon
ਜਗਰਾਉਂ / ਲੁਧਿਆਣਾ : ਸਮੱਸਿਆ ਸੁਣਾਉਣ ਪੁੱਜੇ ਕਿਸਾਨਾਂ ਦੇ ਵਫ਼ਦ ਨੂੰ ਅਧਿਕਾਰੀਆਂ ਵਲੋਂ ਸਹੀ ਵਰਤਾਓ ਨਾ ਕਰਨ ‘ਤੇ ਉਨ੍ਹਾਂ ਦੇ ਦਫ਼ਤਰ ਵਿੱਚ ਹੀ ਕਿਸਾਨ ਯੂਨੀਅਨ ਨੇ ਘੇਰਦਿਆਂ ਜ਼ੋਰਦਾਰ ਵਿਰੋਧ ਪ੍ਰਗਟਾਇਆ। ਕਿਸਾਨਾਂ ਨੇ ਜਗਰਾਉਂ ਦੇ ਬੀਡੀਪੀਓ, ਸੈਕਟਰੀ ,ਜੇਈ ਸਮੇਤ ਸਟਾਫ ਦਾ ਦਫਤਰ ਵਿਚ ਹੀ ਘਿਰਾਓ ਕਰਦਿਆਂ ਕਿਸੇ ਨੂੰ ਬਾਹਰੋਂ ਅੰਦਰ ਅਤੇ ਅੰਦਰੋਂ ਬਾਹਰ ਨਾ ਜਾਣ ਦਿੱਤਾ।
ਮਾਹੌਲ ਵਿਗੜਦਿਆਂ ਦੇਖ ਬੀਡੀਪੀਓ ਦਫ਼ਤਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ । ਜਿਸ ‘ਤੇ ਥਾਣਾ ਸਿਟੀ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫ਼ਦ ਤਰਸੇਮ ਸਿੰਘ ਬੱਸੂਵਾਲ ਦੇ ਪਿੰਡ ਬੱਸੂਵਾਲ ਵਿਖੇ ਉਨ੍ਹਾਂ ਦੇ ਘਰ ਅੱਗੇ ਖੜਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਬੀਡੀਪੀਓ ਜਗਰਾਉਂ ਨੂੰ ਮਿਲਣ ਪਹੁੰਚਿਆ ਸੀ। ਬੀਡੀਪੀਓ ਨੂੰ ਸਮੱਸਿਆ ਸੁਣਾ ਰਹੇ ਕਿਸਾਨਾਂ ਦੇ ਵਫ਼ਦ ਨੂੰ ਦੇਖ ਕੇ ਸੈਕਟਰੀ ਬਲਵੰਤ ਸਿੰਘ ਫਿਲਮੀ ਅੰਦਾਜ਼ ਵਿਚ ਟੇਬਲ ‘ਤੇ ਬਾਂਹ ਰੱਖ ਕੇ ਵਫ਼ਦ ਵੱਲ ਮੁਸਕੁਰਾ ਰਿਹਾ ਸੀ। ਜਿਸ ‘ਤੇ ਵਫ਼ਦ ਨੇ ਇਤਰਾਜ਼ ਜਤਾਇਆ।
ਮੌਕੇ ‘ਤੇ ਮੌਜੂਦ ਜੇਈ ਵੱਲੋਂ ਵਫ਼ਦ ਨੂੰ ਦਬਕੇ ਮਾਰਦਿਆਂ ਹੱਥ ਲਾਉਣ ‘ਤੇ ਦੇਖ ਲੈਣ ਦੀ ਧਮਕੀ ਦੇ ਦਿੱਤੀ। ਇਸ ‘ਤੇ ਕਿਸਾਨ ਯੂਨੀਅਨ ਦਾ ਵਫ਼ਦ ਭੜਕ ਉੱਠਿਆ ਅਤੇ ਉਨ੍ਹਾਂ ਨੇ ਦਫ਼ਤਰੋਂ ਬਾਹਰ ਨਿਕਲ ਕੇ ਤਿੰਨੋਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਹੀ ਘੇਰ ਲਿਆ ਤੇ ਇਸ ਦੇ ਨਾਲ ਹੀ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ।
ਇਸ ਮੌਕੇ ਇਕੱਠ ਨੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਬੀਡੀਪੀਓ ਦਫਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਦਾ ਪ੍ਰਣ ਵੀ ਲਿਆ । ਉਨ੍ਹਾਂ ਇਲਾਕੇ ਵਿੱਚ ਵਿਕਾਸ ਕਾਰਜਾਂ ਦੇ ਨਾਮ ‘ਤੇ ਪਿਛਲੇ ਦਿਨੀਂ ਹੋਏ ਘਪਲਿਆਂ ਦੀ ਗੱਲ ਕਰਦਿਆਂ ਕਿਹਾ ਕਿ ਇਸ ਦਫਤਰ ਵੱਲੋਂ ਮਨਮਰਜ਼ੀਆਂ ਕਰਦਿਆਂ ਸਰਕਾਰੀ ਗਰਾਂਟ ਦੇ ਗੱਫੇ ਡਕਾਰੇ ਜਾ ਚੁੱਕੇ ਹਨ, ਜਿਨ੍ਹਾਂ ਸਾਰਿਆਂ ਦਾ ਆਉਣ ਵਾਲੇ ਦਿਨਾਂ ਵਿੱਚ ਖੁਲਾਸਾ ਕੀਤਾ ਜਾਵੇਗਾ ।
ਮਾਹੌਲ ਵਿਗੜਦਿਆਂ ਦੇਖ ਜਗਰਾਉਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ । ਉਨ੍ਹਾਂ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ। ਕਿਸਾਨ ਯੂਨੀਅਨ ਵੱਲੋਂ ਜੇਈ ਤੋਂ ਇਸ ਮਾਮਲੇ ‘ਚ ਮਾਫ਼ੀ ਮੰਗਵਾਉਣ ਲਈ ਕਿਹਾ ਗਿਆ । ਜ਼ੋਰਦਾਰ ਨਾਅਰੇਬਾਜ਼ੀ ਦੇ ਵਿਰੋਧ ਤੋਂ ਬਾਅਦ ਆਖਿਰਕਾਰ ਬੀਡੀਪੀਓ ਸੈਕਟਰੀ ਦੀ ਹਾਜ਼ਰੀ ਵਿੱਚ ਜੇਈ ਨੇ ਕਿਸਾਨ ਯੂਨੀਅਨ ਤੋਂ ਮਾਫ਼ੀ ਮੰਗੀ।