ਲੁਧਿਆਣਾ : ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਵੱਲੋਂ ਪਹਿਲੀ ਜਨਵਰੀ, 2022 ਤੋਂ ਹਰ ਫੂਡ ਬਿਜਨੈਸ ਆਪ੍ਰੇਟਰ ਲਈ ਖਾਦ ਪਦਾਰਥ ਵੇਚਣ ਲਈ ਬਿੱਲ ਅਤੇ ਰਸੀਦ ‘ਤੇ ਐਫ.ਐਸ.ਐਸ.ਏ.ਆਈ. ਦਾ ਲਾਇਸੰਸ ਅਤੇ ਰਜਿਸ਼ਟ੍ਰੇਸ਼ਨ ਨੰਬਰ ਛਾਪਣਾ ਲਾਜ਼ਮੀ ਹੋਵੇਗਾ।
ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 01 ਜਨਵਰੀ, 2022 ਤੋਂ ਬਾਅਦ ਲਾਇਸੰਸ ਅਤੇ ਰਜਿਸ਼ਟ੍ਰੇਸ਼ਨ ਨੰਬਰ ਤੋਂ ਬਗੈਰ ਖਾਦ ਪਦਾਰਥ ਵੇਚੇ ਨਹੀਂ ਜਾ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸੁਵਿਧਾ ਗ੍ਰਾਹਕਾਂ ਦੇ ਲਾਭਹਿੱਤ ਸੁਰੂ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਮੱਦੇਨਜ਼ਰ, ਗ੍ਰਾਹਕ ਆਨਲਾਈਨ ਖਾਦ ਨਿਰਮਾਤਾ ਜਾਂ ਵਿਕ੍ਰੇਤਾ ਦੇ ਲਾਇਸੰਸ ਨੰਬਰ ਰਾਹੀਂ ਸ਼ਿਕਾਇਤ ਕਰ ਸਕੇ ਅਤੇ ਇਸੇ ਆਧਾਰ ‘ਤੇ ਸਬੰਧਤ ਫੂਡ ਬਿਜਨੈਸ ਆਪਰੇਟਰ ‘ਤੇ ਤੁਰੰਤ ਕਾਰਵਾਈ ਵੀ ਕੀਤੀ ਜਾ ਸਕੇ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਨਵੇਂ ਨਿਯਮਾਂ ਤਹਿਤ ਇਸ ਬਦਲਾਅ ਨਾਲ ਇਹ ਵੀ ਪਤਾ ਲੱਗੇਗਾ ਕਿ ਕਿੰਨੇ ਫੂਡ ਬਿਜਨੈਸ ਆਪਰੇਟਰਾਂ ਵੱਲੋਂ ਐਫ.ਐਸ.ਐਸ.ਏ.ਆਈ. ‘ਚ ਆਪਣੀ ਰਜਿਸ਼ਟ੍ਰੇਸ਼ਨ ਕਰਵਾਈ ਗਈ ਹੈ ਜਾਂ ਲਾਇਸੰਸ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਵਿਸ਼ੇਸ਼ ਤੌਰ ‘ਤੇ ਖਾਣ-ਪੀਣ ਵਾਲੀਆਂ ਵਸਤਾਂ ਦਾ ਨਿਰਮਾਣ ਅਤੇ ਵੇਚਣ ਵਾਲਿਆਂ ਲਈ ਬਣਾਈ ਗਈ ਹੈ ਅਤੇ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਿਕਲਾਂ ਦੇ ਹੱਲ ਲਈ ਲਾਹੇਵੰਦ ਸਿੱਧ ਹੋਵੇਗੀ।