ਲੁਧਿਆਣਾ : ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਫੀਲਡ ਆਊਟਰੀਚ ਬਿਊਰੋ, ਜਲੰਧਰ ਦੁਆਰਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਜਸੀਆ ਵਿਖੇ ਗ੍ਰੀਨ ਇਨਕਲੇਵ ਵਿੱਚ ਕੋਵਿਡ ਟੀਕਾਕਰਣ ਕੈਂਪ ਆਯੋਜਿਤ ਕੀਤਾ ਗਿਆ।
ਤਕਸ਼ਿਲਾ ਵਿੱਦਿਆ ਮੰਦਿਰ ਸਕੂਲ ਵਿੱਚ ਲਗਾਏ ਇਸ ਕੈਂਪ ਵਿੱਚ ਸੈਂਕੜੇ ਲੋਕਾਂ ਨੇ ਟੀਕਾਕਰਣ ਕਰਵਾਇਆ। ਜਿਨ੍ਹਾਂ ਵਿੱਚ ਪਹਿਲੀ ਅਤੇ ਦੂਜੀ ਡੋਜ਼ ਲਗਵਾਉਣ ਵਾਲੀਆਂ ਮਹਿਲਾਵਾਂ, ਪੁਰਸ਼ ਅਤੇ ਨੌਜਵਾਨ ਸ਼ਾਮਲ ਸਨ। ਇਸ ਕੈਂਪ ਵਿੱਚ ਗ੍ਰੀਨ ਇਨਕਲੇਵ, ਮਲਹੋਤਰਾ ਕਲੋਨੀ, ਸੁਰਜੀਤ ਕਲੋਨੀ, ਸਰਪੰਚ ਕਲੋਨੀ, ਫਰੈਂਡਸ ਕਲੋਨੀ ਅਤੇ ਸੰਤ ਵਿਹਾਰ ਸਮੇਤ ਹੋਰ ਇਲਾਕੇ ਦੇ ਵਸਨੀਕਾਂ ਨੇ ਵੀ ਮੁਫ਼ਤ ਟੀਕਾਕਰਣ ਕਰਵਾਇਆ।
ਜ਼ਿਲ੍ਹਾ ਟੀਕਾਕਰਣ ਅਧਿਕਾਰੀ ਡਾ. ਮਨੀਸ਼ਾ ਨੇ ਬਤੌਰ ਮੁੱਖ ਮਹਿਮਾਨ ਦੱਸਿਆ ਕਿ ਹੁਣ ਲੋਕਾਂ ਨੇ ਆਪਣੇ ਆਪ ਟੀਕਾਕਰਣ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਸਮਾਜ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਬਹੁਤ ਚੰਗੀ ਗੱਲ ਹੈ। ਉਨ੍ਹਾਂ ਨਾਲ ਸਿਹਤ ਵਿਭਾਗ ਦੇ ਸਟਾਫ਼ ਸਮੇਤ ਡਾ. ਕਾਰਤਿਕ ਬਾਂਸਲ ਵੀ ਸਨ।
ਫੀਲਡ ਆਊਟਰੀਚ ਬਿਊਰੋ ਦੇ ਫੀਲਡ ਪਬਲੀਸਿਟੀ ਅਫ਼ਸਰ, ਸ਼੍ਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਵਾਏ ਗਏ ਇਸ ਟੀਕਾਕਰਣ ਕੈਂਪ ਦਾ ਮਕਸਦ ਆਸ-ਪਾਸ ਦੇ ਵੱਧ ਤੋਂ ਵੱਧ ਵਸਨੀਕਾਂ ਦਾ ਟੀਕਾਕਰਣ ਕਰਵਾਉਣਾ ਹੈ। ਇਸ ਮੌਕੇ ‘ਤੇ ਟੀਕਾਕਰਣ ਕਰਵਾਉਣ ਆ ਰਹੇ ਲੋਕਾਂ ਨੂੰ ‘ਆਈ ਐਮ ਵੈਕਸੀਨੇਟਿਡ’ ਲਿਖੀਆਂ ਟੋਪੀਆਂ, ਮਾਸਕ ਅਤੇ ਸੈਨੀਟਾਈਜ਼ਰ ਮੁਫ਼ਤ ਵੰਡੇ ਗਏ।
ਇਸ ਮੌਕੇ ‘ਤੇ ਡਾ. ਮਨੀਸ਼ਾ, ਜਸੀਆ ਦੇ ਸਰਪੰਚ ਹਰਜੀਤ ਚੀਮਾ, ਸ਼ੇਖਰ ਝਾਅ, ਵਿਨੈਪਾਲ, ਪੰਡਿਤ ਰਾਮਦੱਤ ਸ਼ਰਮਾ ਅਤੇ ਦਿਨੇਸ਼ ਕੁਮਾਰ ਸਮੇਤ ਸਕੂਲ ਦੇ ਪ੍ਰਿੰਸੀਪਲ ਅਭਿਮਨਿਊ ਸ਼ਰਮਾ ਨੂੰ ਫੀਲਡ ਆਊਟਰੀਚ ਬਿਊਰੋ ਦੁਆਰਾ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਫੀਲਡ ਆਊਟਰੀਚ ਬਿਊਰੋ ਦੁਆਰਾ ਗੁਰੂ ਨਾਨਕ ਦੇਵ ਸਟੇਡੀਅਮ ਵਿੱਚ FIT INDIA RUN – 2.0 ਵੀ ਆਯੋਜਿਤ ਕੀਤੀ ਗਈ। ਇਸ ਦੌੜ ਦੇ ਜੇਤੂਆਂ ਨੂੰ ਜ਼ਿਲ੍ਹਾ ਖੇਡ ਅਧਿਕਾਰੀ, ਸ਼੍ਰੀ ਰਵਿੰਦਰ ਸਿੰਘ, ਫੀਲਡ ਪਬਲੀਸਿਟੀ ਅਫ਼ਸਰ ਸ਼੍ਰੀ ਰਾਜੇਸ਼ ਬਾਲੀ ਅਤੇ ਕੋਚ ਸ਼੍ਰੀ ਸੰਜੀਵ ਸ਼ਰਮਾ ਨੇ ਇਨਾਮ ਵੰਡੇ। ਫੀਲਡ ਆਊਟਰੀਚ ਬਿਊਰੋ ਦੇ ਟੈਕਨੀਕਲ ਅਸਿਸਟੈਂਟ, ਸ਼੍ਰੀ ਕਵੀਸ਼ ਦੱਤ ਸਮੇਤ ਹੋਰਾਂ ਨੇ ਸ਼ਿਰਕਤ ਕੀਤੀ।