ਲੁਧਿਆਣਾ : ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀਆਂ ਤਾਰਾਂ ਸਰਹੱਦ ਪਾਰੋਂ ਪਾਕਿਸਤਾਨ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ ਹਨ। ਖੁਫੀਆ ਏਜੰਸੀਆਂ ਵੀ ਇਸ ਨੂੰ ਟਿਫਿਨ ਬੰਬ ਨਾਲ ਜੋੜ ਕੇ ਦੇਖ ਰਹੀਆਂ ਹਨ। ਏਜੰਸੀਆਂ ਨੂੰ ਇਹ ਵੀ ਸ਼ੱਕ ਹੈ ਕਿ ਕੋਰਟ ਕੰਪਲੈਕਸ ‘ਚ ਹੋਏ ਧਮਾਕੇ ‘ਚ ਟਿਫਿਨ ਬੰਬ ਦੀ ਵਰਤੋਂ ਕੀਤੀ ਗਈ ਸੀ। ਖ਼ੁਫ਼ੀਆ ਏਜੰਸੀਆਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਿਹੜੇ ਪੰਜ ਬੰਬ ਗਾਇਬ ਹੋਏ ਸਨ, ਉਨ੍ਹਾਂ ਵਿੱਚੋਂ ਦੋ 8 ਅਗਸਤ ਨੂੰ ਅਜਨਾਲਾ ਅਤੇ 15 ਸਤੰਬਰ ਨੂੰ ਜਲਾਲਾਬਾਦ ਵਿੱਚ ਵਰਤੇ ਗਏ ਹਨ। ਦੋ ਟਿਫਿਨ ਬੰਬ ਅਜੇ ਵੀ ਸੁਰੱਖਿਆ ਏਜੰਸੀਆਂ ਦੀ ਪਹੁੰਚ ਤੋਂ ਬਾਹਰ ਹਨ।
ਜਾਂਚ ਏਜੰਸੀਆਂ ਦੇ ਸੂਤਰਾਂ ਅਨੁਸਾਰ ਜਿਸ ਤਰ੍ਹਾਂ ਬਾਥਰੂਮ ਦੀ ਨੌਂ ਇੰਚ ਮੋਟੀ ਕੰਧ ਅਤੇ ਛੱਤ ਟੁੱਟੀ ਹੈ, ਉਸ ਤੋਂ ਖ਼ਦਸ਼ਾ ਹੈ ਕਿ ਧਮਾਕੇ ਵਿੱਚ ਘੱਟੋ-ਘੱਟ ਇੱਕ ਕਿਲੋ ਆਰਡੀਐਕਸ ਵਰਤਿਆ ਗਿਆ ਹੈ ਟਿਫ਼ਨ ਰਾਹੀਂ ਇੱਕ ਕਿਲੋ ਆਰਡੀਐਕਸ ਲਾਇਆ ਜਾ ਸਕਦਾ ਹੈ। ਜਾਂਚ ਏਜੰਸੀਆਂ ਹੁਣ ਧਮਾਕੇ ਤੋਂ ਬਾਅਦ ਖਿੱਲਰੇ ਮਲਬੇ ‘ਚ ਟਿਫਿਨ ਦੇ ਟੁਕੜਿਆਂ ਦੀ ਤਲਾਸ਼ ਕਰ ਰਹੀਆਂ ਹਨ।
ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮਰਨ ਵਾਲਾ ਵਿਅਕਤੀ ਬੰਬ ਲਗਾ ਰਿਹਾ ਸੀ, ਇਸ ਲਈ ਦੇਰ ਰਾਤ ਤੱਕ ਲਾਸ਼ ਨਹੀਂ ਕੱਢੀ ਗਈ ਸੀ। ਬਾਅਦ ‘ਚ ਜਾਂਚ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਅਣਪਛਾਤੇ ‘ਤੇ ਮਾਮਲਾ: ਘਟਨਾ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਲੁਧਿਆਣਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।