ਲੁਧਿਆਣਾ : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀਐਸਟੀਈਟੀ) 2019 ਦੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ 24 ਦਸੰਬਰ ਨੂੰ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਲਈ ਸ਼ਹਿਰ ਵਿਚ 32 ਕੇਂਦਰ ਬਣਾਏ ਗਏ ਹਨ। ਇਮਤਿਹਾਨ ਵਿਚ ਪੇਪਰ ਇਕ ਤੇ ਪੇਪਰ ਦੋ ਹੋਵੇਗਾ। ਪਹਿਲਾ ਪੇਪਰ ਸਵੇਰੇ 10 ਵਜੇ ਤੋਂ ਦੁਪਹਿਰ 12.30 ਵਜੇ ਤਕ ਤੇ ਦੂਜਾ ਪੇਪਰ ਦੁਪਹਿਰ 2.30 ਤੋਂ ਸ਼ਾਮ 5 ਵਜੇ ਤਕ ਚੱਲੇਗਾ।
PSTET ਪ੍ਰੀਖਿਆ ਵਿਚ ਪੈੱਨ ਜਾਂ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰਾਨਿਕ ਯੰਤਰ ਲੈ ਕੇ ਜਾਣ ‘ਤੇ ਪਾਬੰਦੀ ਹੋਵੇਗੀ। ਪੀਐੱਸਈਬੀ ਦੀ ਤਰਫੋਂ ਵੱਖ-ਵੱਖ ਪੱਧਰਾਂ ‘ਤੇ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀ ਪ੍ਰੀਖਿਆ ‘ਚ ਅਬਜ਼ਰਵਰ, ਸੁਪਰਡੈਂਟ, ਡਿਪਟੀ ਸੁਪਰਡੈਂਟ, ਓਵਰਸੀਅਰ, ਡਿਪਟੀ ਕੰਟਰੋਲਰ ਦੀ ਡਿਊਟੀ ਦੇਣਗੇ। PSEB ਨੇ ਟੈਸਟ ਸਬੰਧੀ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਵੀ ਕਰਮਚਾਰੀ ਨੂੰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਛੁੱਟੀ ਨਾ ਦਿੱਤੀ ਜਾਵੇ।
ਹੋਰ ਪ੍ਰੀਖਿਆਵਾਂ ਵਾਂਗ ਇਸ ਟੈਸਟ ਨੂੰ ਵੀ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਵਿਦਿਆਰਥੀ ਲਈ ਪ੍ਰੀਖਿਆ ਕੇਂਦਰ ਵਿਚ ਇਕ ਘੰਟਾ ਪਹਿਲਾਂ ਪਹੁੰਚਣਾ ਲਾਜ਼ਮੀ ਹੋਵੇਗਾ ਤੇ ਉਨ੍ਹਾਂ ਨੂੰ ਇਕ ਪਾਰਦਰਸ਼ੀ ਬੋਤਲ ਵਿਚ ਪਾਣੀ ਲਿਆਉਣ ਦੀ ਆਗਿਆ ਹੋਵੇਗੀ। ਟੈਸਟ ਦਾ ਨਤੀਜਾ ਜਨਵਰੀ ‘ਚ ਜਾਰੀ ਹੋਣ ਦੀ ਸੰਭਾਵਨਾ ਹੈ।