ਜਗਰਾਓਂ / ਲੁਧਿਆਣਾ : ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਜ਼ਮਾਨਤ ‘ਤੇ ਆਉਂਦਿਆਂ ਹੀ ਹੈਰੋਇਨ ਦੀ ਸਪਲਾਈ ਦੇਣ ਜਾਂਦਿਆਂ ਮੋਟਰਸਾਈਕਲ ਸਵਾਰ ਨੂੰ ਮੁੜ ਗਿ੍ਫ਼ਤਾਰ ਕਰ ਲਿਆ।
ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਜਗਰਾਓਂ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪੇ੍ਮ ਸਿੰਘ ਦੀ ਅਗਵਾਈ ‘ਚ ਏਐੱਸਆਈ ਮਨਜੀਤ ਕੁਮਾਰ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ‘ਤੇ ਪਿੰਡ ਕੁਲਗਹਿਣਾ ਤੋਂ ਭੂੰਦੜੀ ਰਸਤੇ ‘ਚ ਨਾਕਾਬੰਦੀ ਕੀਤੀ। ਇਸੇ ਦੌਰਾਨ ਸਾਹਮਣਿਓਂ ਆ ਰਹੇ ਇਕ ਮੋਟਰਸਾਈਵਲ ਸਵਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 22 ਗ੍ਰਾਮ ਹੈਰੋਇਨ ਬਰਾਮਦ ਹੋਈ।
ਜਿਸ ‘ਤੇ ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰ ਬੂਟਾ ਸਿੰਘ ਉਰਫ ਬੂਟੀ ਪੁੱਤਰ ਬੱਗਾ ਸਿੰਘ ਵਾਸੀ ਕੁਲਗਹਿਣਾ ਨੂੰ ਗਿ੍ਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਬੂਟੀ ਨੇ ਮੰਨਿਆ ਕਿ ਉਹ ਪਿੰਡੋਂ ਉਕਤ ਹੈਰੋਇਨ ਦੀ ਸਪਲਾਈ ਆਪਣੇ ਗਾਹਕਾਂ ਨੂੰ ਦੇਣ ਜਾ ਰਿਹਾ ਸੀ। ਇੰਸਪੈਕਟਰ ਪੇ੍ਮ ਸਿੰਘ ਨੇ ਦੱਸਿਆ ਕਿ ਬੂਟੀ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹਨ ਜੋ ਅਦਾਲਤ ‘ਚ ਚੱਲ ਰਹੇ ਹਨ ਅਤੇ ਉਹ ਜ਼ਮਾਨਤ ‘ਤੇ ਬਾਹਰ ਆਇਆ ਹੈ। ਜਿਸ ਨੂੰ ਅੱਜ ਪੁਲਿਸ ਨੇ ਮੁੜ ਹੈਰੋਇਨ ਤਸਕਰੀ ਵਿਚ ਕਾਬੂ ਕਰ ਲਿਆ।