ਲੁਧਿਆਣਾ : ਫਿਸ਼ਰੀਜ਼ ਕਾਲਜ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ 14 ਗ੍ਰੈਜੂਏਟ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ’ਚ ਬਤੌਰ ਮੱਛੀ ਪਾਲਣ ਅਫ਼ਸਰ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ, ਪੰਜਾਬ ਨੇ ਨਿਯੁਕਤੀ ਪੱਤਰ ਸੌਂਪੇ ਸਨ।
ਡਾ. ਮੀਰਾ ਡੀ ਆਂਸਲ, ਡੀਨ, ਫਿਸ਼ਰੀਜ਼ ਕਾਲਜ ਨੇ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀ ਪੂਰਨ ਪ੍ਰਤਿਭਾਸ਼ਾਲੀ ਹਨ ਅਤੇ ਉਹ ਖੇਤਰ ਦੀਆਂ ਚੁਣੌਤੀਆਂ ਨਾਲ ਨਿਪਟਦੇ ਹੋਏ ਪੰਜਾਬ ’ਚ ਮੱਛੀ ਪਾਲਣ ਦੇ ਖੇਤਰ ਨੂੰ ਹੋਰ ਪ੍ਰਫੱੁਲਿਤ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੇ ਸੇਵਾ ਸੰਭਾਲਣ ਨਾਲ ਰਾਜ ਦੇ ਮੱਛੀ ਪਾਲਣ ਵਿਭਾਗ ਤੇ ਯੂਨੀਵਰਸਿਟੀ ਵਿੱਚ ਹੋਰ ਬਿਹਤਰ ਤਾਲਮੇਲ ਹੋਵੇਗਾ ਜਿਸ ਨਾਲ ਕਿ ਇਸ ਖੇਤਰ ਨੂੰ ਨਵੀਂ ਦਿਸ਼ਾ ਮਿਲੇਗੀ।
ਉਨ੍ਹਾਂ ਕਿਹਾ ਕਿ ਅਸੀਂ ਸਮਰੱਥ ਗ੍ਰੈਜੂਏਟ ਤਿਆਰ ਕਰਨ ਵਿਚ ਲਗਾਤਾਰ ਜੁਟੇ ਹੋਏ ਹਾਂ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਅੱਗੇ ਆਉਣ ਅਤੇ ਆਪਣੇ ਗਿਆਨ ਅਤੇ ਮੁਹਾਰਤ ਦੇ ਵਿਸ਼ੇ ਨੂੰ ਚੁਣ ਕੇ ਆਪਣੀ ਵਿੱਦਿਆ ਮੁਕੰਮਲ ਕਰਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ਮੱਛੀ ਪਾਲਣ ਖੇਤਰ ’ਚ ਅਪਾਰ ਸੰਭਾਵਨਾਵਾਂ ਹਨ।