ਲੁਧਿਆਣਾ : ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਵਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਹਫ਼ਤਾਵਾਰੀ ਨਾਮ ਅਭਿਆਸ ਸਮਾਗਮ ਹੋਇਆ। ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਨਾਮ ਸਿਮਰਨ ਹੋਇਆ।
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਿਆ। ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਨ੍ਹਾਂ ਦਾ ਮਨ ਸਦਾ ਹੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ, ਉਹ ਸਦਾ ਕਹਿੰਦੇ ਹਨ ਕਿ ਪਰਮੇਸ਼ਰ ਸਾਡਾ ਮਿੱਤਰ ਹੈ, ਪਹਿਲਾਂ ਵੀ ਤੇ ਹੁਣ ਵੀ। ਉਹ ਸਹਾਈ ਹੈ ਤੇ ਅੰਤ ਵੇਲੇ ਵੀ ਵਾਹਿਗੁਰੂ ਨੇ ਹੀ ਸਹਾਇਤਾ ਕਰਨੀ ਹੈ।
ਉਨ੍ਹਾਂ ਕਿਹਾ ਕਿ ਪਰਮੇਸ਼ਰ ਕਦੇ ਵੀ ਆਪਣੇ ਪਿਆਰਿਆਂ ‘ਤੇ ਔਖਾ ਵੇਲਾ ਨਹੀਂ ਆਉਣ ਦਿੰਦਾ। ਆਪਣਾ ਕਿਰਪਾ ਭਰਿਆ ਹੱਥ ਰੱਖ ਸਦਾ ਉਨ੍ਹਾਂ ਦੇ ਅੰਗ-ਸੰਗ ਹੁੰਦਾ ਹੈ, ਇਸ ਕਰਕੇ ਸਿਮਰਨ ਕਰਨਾ ਚਾਹੀਦਾ ਹੈ। ਵਾਹਿਗੁਰੂ ਆਪਣਾ ਰੱਖਣਹਾਰ ਬਿਰਦ ਜਾਣ ਕੇ ਸਦਾ ਰੱਖ ਲੈਂਦਾ ਹੈ।