ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਾਰਡ ਨੰਬਰ 84 ਛਾਉਣੀ ਮੁਹੱਲਾ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤੀਸਰੀ ਗਾਰੰਟੀ ਦੇ ਫਾਰਮ ਭਰਨ ਦਾ ਕੈਂਪ ਲਗਾਇਆ ਗਿਆ। ਔਰਤਾਂ ਲਈ ਤੀਸਰੀ ਗਾਰੰਟੀ ਦੇ ਫਾਰਮ ਭਰਨ ਦੀ ਸ਼ੁਰੂਵਾਤ ਹਲਕਾ ਲੁਧਿਆਣਾ ਉੱਤਰੀ ਤੋਂ ‘ਆਪ’ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਨੇ ਕੀਤੀ।
ਚੌਧਰੀ ਬੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦੇਸ਼ ਦੇ ਹਰ ਸੂਬੇ ਵਿਚ ਇਸ ਗੱਲ ਨੂੰ ਯਕੀਨੀ ਬਣਾ ਲਿਆ ਹੈ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਾਅਦਿਆਂ ਨੂੰ ਪੂਰਾ ਹੀ ਨਹੀਂ ਕੀਤਾ, ਸਗੋਂ ਹਰ ਵਰਗ ਦੇ ਹਿੱਤਾਂ ਦੀ ਰਾਖੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣੇਗੀ, ਤਾਂ ਪੰਜਾਬ ਦੇ ਹਰ ਵਰਗ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਸੰਭਵ ਹੋ ਸਕੇਗੀ।
ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੁਧਿਆਣਾ ਦੌਰੇ ਦੇ ਦੌਰਾਨ ਪੁਲਿਸ ਨੇ ਸੁਰੱਖਿਆ ਦਾ ਹਵਲਾ ਦੇ ਕੇ ਸਲੇਮ ਟਾਬਰੀ ਦੇ ਨੇੜੇ ਪੁਰਾਣੇ ਜੀ. ਟੀ ਰੋਡ ‘ਤੇ ਲੱਗਣ ਵਾਲੀਆਂ ਰੇਹੜੀਆਂ-ਫੜ੍ਹੀਆਂ ਹਟਾ ਕੇ ਦਰਜਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਮੂੰਹ ‘ਚੋਂ ਰੋਟੀ ਦਾ ਨਿਵਾਲਾ ਖੌਹ ਲਿਆ।