ਖੰਨਾ / ਲੁਧਿਆਣਾ : ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਪੰਜਾਬ ਸਰਕਾਰ ਵਿਰੁੱਧ ਵੱਡੀ ਗਿਣਤੀ ’ਚ ਠੇਕਾ ਕਾਮੇ ਆਪਣੇ ਪਰਿਵਾਰਾਂ ਸਮੇਤ ਲਗਾਤਾਰ 24 ਘੰਟੇ ਤੋਂ ਹਾਈਵੇ ਜਾਮ ਕਰਕੇ ਬੈਠੇ ਹਨ। ਸ਼ੁੱਕਰਵਾਰ ਨੂੰ ਸ਼ੁਰੂ ਕੀਤਾ ਗਿਆ ਧਰਨਾ ਸਾਰੀ ਰਾਤ ਜਾਰੀ ਰਿਹਾ ਤੇ ਸ਼ਨਿਚਰਵਾਰ ਦੀ ਧਰਨਾ ਲਗਾਤਾਰ ਚੱਲ ਰਿਹਾ ਹੈ।
ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਜਿਸ ਨਾਲ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਵੱਡਾ ਜਾਮ ਲੱਗ ਗਿਆ ਤੇ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਕਈ ਰਾਹਗੀਰ ਰਾਤ ਭਰ ਜਾਮ ’ਚ ਫਸੇ ਰਹੇ।
ਪੁਲਿਸ ਨੂੰ ਟ੍ਰੈਫਿਕ ਕੰਟਰੋਲ ਕਰਨ ’ਚ ਵੀ ਕਾਫੀ ਦਿੱਕਤ ਆਈ। ਧਰਨੇ ਵਾਲ਼ੀ ਥਾਂ ’ਤੇ ਡੀਐੱਸਪੀ ਰਾਜਨ ਪਰਮਿੰਦਰ ਸਿੰਘ, ਡੀਐੱਸਪੀ ਹਰਦੀਪ ਸਿੰਘ ਚੀਮਾ ਦੀ ਅਗਵਾਈ ’ਚ ਪੁਲਿਸ ਪਾਰਟੀ ਪਹੁੰਚੀ। ਪੁਲਿਸ ਨੇ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਵੱਖ ਵੱਖ ਰੂਟ ਪਲਾਨ ਬਣਾ ਕੇ ਰਹੀ ਟ੍ਰੈਫਿਕ ਲੰਘਾਈ ਗਈ ਪਰ ਲੋਕਾਂ ਨੂੰ ਇਸ ਜਾਮ ਕਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਆਗੂਆਂ ਨੇ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀਆਂ ਮੰਗਾਂ ਨਾ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ। ਪੰਜਾਬ ਪੱਧਰੀ ਬੈਠਕ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੱਲ ਨਾ ਹੋਇਆ ਤਾਂ 19 ਦਸੰਬਰ ਨੂੰ ਬਠਿੰਡਾ ਵਿਖੇ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮੌਕੇ ਮੰਤਰੀਆਂ ਤੇ ਵਿਧਾਇਕਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।