ਲੁਧਿਆਣਾ : ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਹੁਣ 15 ਦਸੰਬਰ ਤੋਂ ਨੈਸ਼ਨਲ ਹਾਈਵੇਟ ਸਥਿਤ ਸਾਰੇ ਟੋਲ ਪਲਾਜ਼ਾ ਟੋਲ ਟੈਕਸ ਦੀ ਵਸੂਲੀ ਸ਼ੁਰੂ ਕਰ ਦੇਣਗੇ। ਫਿਰੋਜ਼ਪੁਰ ਰੋਡ ਤੇ ਸੰਗਰੂਰ ਵੱਲੋਂ ਲਾਡੋਵਾਲ ਬਾਈਪਾਸ ਹੁੰਦੇ ਹੋਏ ਜਲੰਧਰ ਜਾਣ ਵਾਲੇ ਵਾਹਨਾਂ ਨੂੰ ਹੁਣ ਲਾਡੋਵਾਲ ਟੋਲ ਪਲਾਜ਼ਾ ਤੋਂ ਪਹਿਲਾਂ ਬਾਈਪਾਸ ’ਤੇ ਜੈਨਪੁਰ ਨੇੜੇ ਨਵੇਂ ਬਣੇ ਟੋਲ ਪਲਾਜ਼ਾ ’ਤੇ ਵੀ ਟੋਲ ਦੇਣਾ ਪਵੇਗਾ। ਨਵੇਂ ਟੋਲ ਪਲਾਜ਼ਾ ’ਤੇ ਵੀ ਵਸੂਲੀ 15 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਅਜਿਹੇ ’ਚ ਜਲੰਧਰ ਵੱਲ ਜਾਣ ਵਾਲਿਆਂ ਨੂੰ ਦੋ ਥਾਵਾਂ ’ਤੇ ਟੋਲ ਦਾ ਬੋਝ ਪਵੇਗਾ।
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਇਸ ਨਵੇਂ ਟੋਲ ਪਲਾਜ਼ਾ ਦੇ ਰੇਟ ਵੀ ਜਾਰੀ ਕਰ ਦਿੱਤੇ ਹਨ। ਇੱਥੇ ਕਾਰ ਚਾਲਕਾਂ ਨੂੰ 35 ਰੁਪਏ ਇਕ ਪਾਸੇ ਦਾ ਟੋਲ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਰੋਡ ਤੋਂ ਲਾਡੋਵਾਲ ਟੋਲ ਪਲਾਜ਼ਾ ਤਕ 18 ਕਿਲੋਮੀਟਰ ਲੰਮਾ ਬਾਈਪਾਸ ਬਣਿਆ ਹੈ। ਇਹ ਬਾਈਪਾਸ ਮਾਰਚ 2021 ’ਚ ਬਣ ਕੇ ਤਿਆਰ ਹੋ ਗਿਆ ਸੀ। ਇਸ ’ਤੇ ਵਾਹਨਾਂ ਦੀ ਆਵਾਜਾਈ ਵੀ ਹੋ ਰਹੀ ਹੈ। ਜੈਨਪੁਰ ਨੇੜੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਟੋਲ ਪਲਾਜ਼ਾ ਬਣਾਇਆ ਹੈ।
ਫਿਰੋਜ਼ਪੁਰ ਰੋਡ ਵੱਲੋਂ ਆਉਣ ਵਾਲਾ ਟਰੈਫਿਕ ਵੇਰਕਾ ਮਿਲਕ ਪਲਾਂਟ ਤੋਂ ਲਾਡੋਵਾਲ ਬਾਈਪਾਸ ’ਤੇ ਮੁੜ ਜਾਵੇਗਾ। ਫਿਰੋਜ਼ਪੁਰ ਰੋਡ ’ਤੇ ਬਣ ਰਹੀ ਐਲੀਵੇਟਿਡ ਰੋਡ ’ਤੇ ਵੇਰਕਾ ਮਿਲਕ ਪਲਾਂਟ ਕੋਲ ਦੋਵੇਂ ਪਾਸੇ ਅਪ ਰੈਂਪ ਅਤੇ ਡਾਊਨ ਰੈਂਪ ਬਣਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੰਗਰੂਰ ਤੇ ਮਾਲੇਰਕੋਟਲਾ, ਗਿੱਲ ਰੋਡ, ਦੁਗਰੀ ਰੋਡ, ਪੱਖੋਵਾਲ ਰੋਡ ਸਮੇਤ ਬੀਆਰਐੱਸ ਨਗਰ, ਸਰਾਭਾ ਨਗਰ, ਹੰਬੜਾ ਰੋਡ ਵੱਲੋਂ ਆਉਣ ਵਾਲੇ ਵਾਹਨ ਵੀ ਇਸ ਬਾਈਪਾਸ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਬਾਈਪਾਸ ਸਾਊਥਰਨ ਬਾਈਪਾਸ ਦੇ ਜ਼ਰੀਏ ਦੋਰਾਹਾ ਨਾਲ ਵੀ ਮਿਲਦਾ ਹੈ।