ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦਾ ਦੌਰਾ ਕਰ ਕੇ ਅਗਾਮੀ ਵਿਧਾਨ ਸਭਾ ਚੋਣਾਂ ‘ਚ ਆਪਣੀ ਸਰਕਾਰ ਬਣਾਉਣ ਲਈ ਵੱਡੀਆ-ਵੱਡੀਆਂ ਗਾਰੰਟੀਆਂ ਦੇ ਰਹੇ ਹਨ, ਜਿਨ੍ਹਾਂ ਦੇ ਪੂਰਾ ਹੋਣ ਦੀ ਕੋਈ ਆਸ ਨਹੀ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਰੈਲੀ ਦੌਰਾਨ ਪੰਜਾਬ ਦੀ ਅਵਾਮ ਨਾਲ ਵਾਅਦਾ ਕੀਤਾ ਸੀ ਕਿ ਉਹ ਦਿੱਲੀ ਜਾ ਕੇ ਪੰਜਾਬ ਨੂੰ ਪਾਣੀਆਂ ਦੀ ਕੀਮਤ ਭੇਜਣਗੇ, ਜੋ ਅਜੇ ਤੱਕ ਪੰਜਾਬ ਨੂੰ ਨਹੀ ਭੇਜੀ ਅਤੇ ਹਿਮਾਚਲ ਨੂੰ 21 ਕਰੌੜ ਰੁਪਏ ਸਲਾਨਾ ਦੇਣੇ ਸ਼ੁਰੂ ਕਰ ਦਿੱਤੇ।
ਵਿਧਾਇਕ ਬੈਂਸ ਨੇ ਵਾਰਡ ਨੰਬਰ-44 ਅਰਬਨ ਅਸਟੇਟ ਦੁੱਗਰੀ ਫੇਜ਼-1 ‘ਚ ਪ੍ਰਧਾਨ ਹਰਪਾਲ ਸਿੰਘ ਕੋਹਲੀ ਦੀ ਅਗਵਾਈ ‘ਚ ਹੋਈ ਵਾਰਡ ਵਾਸੀਆਂ ਨਾਲ ਮੀਟਿੰਗ ਕੀਤੀ। ਬੂਥ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਬੂਥ ਕਮੇਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਆਈ ਕਾਰਡਾਂ ਦੀ ਵੰਡ ਵੀ ਕੀਤੀ। ਇਸ ਮੌਕੇ ਇਲਾਕਾ ਵਾਸੀਆਂ ਨੇ ਵਿਧਾਇਕ ਬੈਂਸ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।