ਲੁਧਿਆਣਾ : ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ)ਵੱਲੋਂ ਪ੍ਰਕਾਸ਼ਿਤ ਤੇ ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਦੀਆਂ ਰੁਬਾਈਆਂ ਤੇ ਆਧਾਰਿਤ ਸਚਿੱਤਰ ਕੌਫੀ ਟੇਬਲ ਕਾਵਿ ਪੁਸਤਕ ਪੱਤੇ ਪੱਤੇ ਲਿਖੀ ਇਬਾਰਤ ਬੀਤੀ ਸ਼ਾਮ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾਃ ਜਸਪਾਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਨੇ ਸੰਗਤ ਅਰਪਨ ਕੀਤੀ।
ਡਾਃ ਜਸਪਾਲ ਸਿੰਘ ਨੇ ਕਿਹਾ ਕਿ ਪੱਤਿਆਂ ਉੱਪਰ ਲਿਖੀ ਇਬਾਰਤ ਪੜ੍ਹਨ ਦੇ ਬਹਾਨੇ ਗੁਰਭਜਨ ਸਿੰਘ ਗਿੱਲ ਅਤੇ ਤੇਜ ਪ੍ਰਤਾਪ ਸਿੰਘ ਸੰਧੂ ਨੇ ਆਪਣੇ ਨਵੇਂ ਰੂਪ ਸਰੂਪ ਦੇ ਰੂ ਬ ਰੂ ਕੀਤਾ ਹੈ। ਇਹ ਰੁਬਾਈਆਂ ਸਾਨੂੰ ਭਾਈ ਵੀਰ ਸਿੰਘ ਜੀ ਦੀ ਪਰੰਪਰਾ ਦੇ ਅਨੁਕੂਲ ਭਾਸਦੀਆਂ ਹਨ।
ਡਾਃ ਸ ਪ ਸਿੰਘ ਨੇ ਕਿਹਾ ਕਿ ਮੇਰੇ ਵਾਸਤੇ ਮਾਣ ਦੀ ਗੱਲ ਹੈ ਕਿ ਮੇਰੇ ਵਿਦਿਆਰਥੀ ਗੁਰਭਜਨ ਸਿੰਘ ਗਿੱਲ ਨੇ ਪੰਜਾਹ ਸਾਲ ਪਹਿਲਾਂ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ‘ਚ ਮੇਰੇ ਕੋਲ ਦਾਖਲਾ ਲਿਆ ਸੀ ਅਤੇ ਹੁਣ ਉਸ ਦੀ ਸੋਲਵੀਂ ਕਿਤਾਬ ਲੋਕ ਅਰਪਨ ਮੌਕੇ ਮੈ ਹਾਜ਼ਰ ਹਾਂ।