ਲੁਧਿਆਣਾ : ਨਗਰ ਨਿਗਮ ਜ਼ੋਨ-ਡੀ ਅਧੀਨ ਪੈਂਦੀ ਰਘੂ ਐਨਕਲੇਵ ਵਿਚ ਸਥਿਤ ਕਰੀਬ ਪੌਣੇ ਦੋ ਏਕੜ ਵਿਚ ਬਣਿਆ ਮਕਾਨ ਇਮਾਰਤੀ ਸ਼ਾਖਾ ਵਲੋਂ ਢਾਹੇ ਜਾਣ ਦਾ ਵਿਰੋਧ ਕਰਦਿਆਂ ਪ੍ਰਵਾਸੀ ਭਾਰਤੀ ਹਾਲ ਵਾਸੀ ਮੁਹਾਲੀ ਨੇ ਦੋਸ਼ ਲਗਾਇਆ ਹੈ ਕਿ 150 ਕਰੋੜ ਰੁਪਏ ਮੁੱਲ ਦੀ ਜ਼ਮੀਨ ‘ਤੇ ਕੁਝ ਲੋਕ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦੀ ਜੱਦੀ ਜ਼ਮੀਨ ਹੈ ਜੋ 1952 ਵਿਚ ਪਰਿਵਾਰ ਨੂੰ ਅਲਾਟ ਹੋਈ ਸੀ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਵਲੋਂ 2019 ‘ਚ ਅਦਾਲਤ ਵਿਚ ਮੇਰੇ ਖਿਲਾਫ ਕੇਸ ਦਰਜ ਕੀਤਾ ਸੀ ਕਿ ਇਹ ਪਾਰਕ ਲਈ ਰਾਖਵੀਂ ਜ਼ਮੀਨ ਹੈ, ਕੇਸ ਹੁਣ ਵੀ ਅਦਾਲਤ ਵਿਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੱਤਾਧਾਰੀ ਦਲ ਦੇ ਉਚ ਆਗੂਆਂ ਦੀ ਕਥਿਤ ਸ਼ਹਿ ‘ਤੇ ਕੁਝ ਲੋਕ ਜ਼ਮੀਨ ਹਥਿਆਉਣਾ ਚਾਹੁੰਦੇ ਹਨ।
ਉਨ੍ਹਾਂ ਦੱਸਿਆ ਕਿ 1980 ਵਿਚ ਮੇਰੇ ਦਾਦਾ ਜੀ ਵਲੋਂ ਰਘੂਨਾਥ ਐਨਕਲੇਵ ਕਲੋਨੀ ਦਾ ਕੁਝ ਹਿੱਸਾ ਵੇਚਿਆ ਸੀ। ਉਨ੍ਹਾਂ ਦੱਸਿਆ ਕਿ 2012 ਅਤੇ 2015 ਵਿਚ ਇਸ ਜ਼ਮੀਨ ਦੀ ਮਾਲਿਕੀ ਬੰਧੀ ਅਦਾਲਤ ਵਿਚ ਚੱਲੇ ਕੇਸ ਦੌਰਾਨ ਫੈਸਲਾ ਸਾਡੇ ਹੱਕ ਵਿਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਵਲੋਂ ਫੈਸਲਾ ਦਿੱਤਾ ਗਿਆ ਸੀ ਕਿ ਜੇਕਰ ਨਗਰ ਨਿਗਮ ਨੂੰ ਜ਼ਮੀਨ ‘ਤੇ ਕੋਈ ਨਾਜਾਇਜ਼ ਕਬਜ਼ਾ ਹੋਣ ਦਾ ਪਤਾ ਚੱਲੇ ਤਾਂ ਕਿਸੇ ਕਾਰਵਾਈ ਤੋਂ ਪਹਿਲਾਂ ਸਾਨੂੰ ਨੋਟਿਸ ਦਿੱਤਾ ਜਾਵੇ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਜਾਵੇ |.
ਪਰੰਤੂ ਵੀਰਵਾਰ ਸਵੇਰੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ‘ਚ ਬਿਨਾਂ ਨੋਟਿਸ ਦਿੱਤਿਆਂ ਪਲਾਟ ਦਾ ਗੇਟ ਅਤੇ ਰਿਹਾਇਸ਼ੀ ਇਮਾਰਤ ਢਾਹ ਦਿੱਤੀ ਜਿਸ ਕਾਰਨ ਘਰੇਲੂ ਸਾਮਾਨ ਬਰਬਾਦ ਹੋ ਗਿਆ। ਉਨ੍ਹਾਂ ਦੱਸਿਆ ਨਗਰ ਨਿਗਮ ਖਿਲਾਫ ਅਦਾਲਤ ਦੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ। ਇਸ ਸਬੰਧੀ ਸੰਪਰਕ ਕਰਨ ‘ਤੇ ਸਹਾਇਕ ਨਿਗਮ ਯੋਜਨਾਕਾਰ ਮਦਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਨਗਰ ਨਿਗਮ ਦੇ ਰਿਕਾਰਡ ਅਨੁਸਾਰ ਇਹ ਜ਼ਮੀਨ ਪਾਰਕ ਲਈ ਰਾਖਵੀਂ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵਿਭਾਗ ਨੂੰ ਅਦਾਲਤ ਵਿਚ ਦਾਇਰ ਕੇਸ ਦੀ ਜਾਣਕਾਰੀ ਨਹੀਂ ਹੈ।