ਸਾਹਨੇਵਾਲ : ਪੰਜਾਬ ਸਰਕਾਰ ਗਰੀਬ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਪੂਰਨ ਤੌਰ ‘ਤੇ ਵਚਨਬੱਧ ਹੈ। ਇਹ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਦਾਣਾ ਮੰਡੀ, ਕੁਹਾੜਾ ਰੋੜ, ਸਾਹਨੇਵਾਲ ਵਿਖੇ ਖੁੱਲ੍ਹੀ ਚਰਚਾ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰਾਹੋਂ ਰੋਡ ਤੇ ਕਟਾਣਾ ਸਾਹਿਬ ਰੋਡ ਮੁੱਖ ਮੰਤਰੀ ਜੀ ਨਾਲ ਗੱਲਬਾਤ ਕਰਕੇ ਜਲਦ ਬਣਾਈਆਂ ਜਾਣਗੀਆਂ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਐਸਾ ਮੁੱਖ ਮੰਤਰੀ ਹੋਣਾ ਚਾਹੀਦਾ ਜਿਸ ਨੂੰ ਲੋਕ ਬਾਂਹ ਫੜ ਕੇ ਲੈ ਜਾਣ ਅਤੇ ਰਾਤ ਦੇ 12 ਵਜੇ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਸੁਣਦਾ ਹੋਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਦੇ ਵਿੱਚ ਹਮੇਸ਼ਾਂ ਵੱਡੇ ਲੋਕਾਂ ਦਾ ਕਬਜ਼ਾ ਰਿਹਾ, 2 ਹਜ਼ਾਰ 4 ਹਜ਼ਾਰ ਕਿੱਲੇ ਵਾਲੇ ਸਿਆਸਤਦਾਨਾਂ ਨੇ ਲੋਕਾਂ ਨੂੰ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ, ਪ੍ਰੰਤੂ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਆਮ ਲੋਕਾਂ ਦਾ ਮੁੱਖ ਮੰਤਰੀ ਬਣਿਆ ਹੈ।
ਉਨ੍ਹਾਂ ਕਿਹਾ ਕਿ ਮੈਂ 15 ਦਿਨ ਦਾ ਟਾਈਮ ਟੇਬਲ ਬਣਾ ਦਿੱਤਾ ਹੈ ਇਹ ਕਮਾਈ ਡੇਢ ਕਰੋੜ ਤੋਂ ਵੱਧ ਟੱਪ ਜਾਵੇਗੀ ਜਿਹੜੇ ਲੋਕ ਕਹਿੰਦੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ ਉਹ ਅਸੀਂ ਭਰਨਾ ਵੀ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੀ ਰੋਜ਼ਾਨਾ ਕਮਾਈ 1.05 ਕਰੋੜ ਦੇ ਕਰੀਬ ਪੁੱਜੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਡੇਢ ਕਰੋੜ ਰੁਪਏ ਕਮਾਈ ਲਗਾਈਏ ਤਾਂ 365 ਦਿਨ ਦੀ ਕਮਾਈ ਲਾ ਸਕਦੇ ਹਾਂ। ਉਨ੍ਹਾਂ ਕਿਹਾ ਕਿ 25-27 ਲੱਖ ਰੁਪਏ ਦੀ ਇੱਕ ਬੱਸ ਆਉਂਦੀ ਹੈ ਤਾਂ ਮੈਂ 1050 ਬੱਸਾਂ ਇੱਕ ਸਾਲ ਵਿੱਚ 365 ਕਰੋੜ ਰੁਪਏ ਦੀਆਂ ਖਰੀਦ ਸਕਦਾ ਸੀ।
ਉਨ੍ਹਾਂ ਕਿਹਾ ਕਿ ਤੁਹਾਨੂੰ ਦਿਸ ਰਿਹਾ ਕਿ ਮੈਂ ਬੱਸਾਂ ਫੜ੍ਹ ਰਿਹਾ ਹਾਂ ਉਨ੍ਹਾਂ ਕਿਹਾ ਕਿ ਮੈਂ ਇਕੱਲੀਆਂ ਬੱਸਾਂ ਨਹੀਂ ਫੜ੍ਹ ਰਿਹਾ ਸਗੋਂ ਇੱਕ ਕਰੋੜ, 10 ਤੋਂ 12 ਲੱਖ ਰੁਪਏ ਦਾ ਰੈਵਿਨਿਊ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਅਲੀ ਬੱਸਾਂ ਚਲਦੀਆਂ ਸਾਡੀ ਸਰਕਾਰ ਨੇ ਫੜੀਆਂ ਅਤੇ 350-400 ਬੱਸ ਹਾਲੇ ਵੀ ਥਾਣਿਆਂ ਦੇ ਵਿੱਚ ਖੜ੍ਹੀ ਹੈ ਜਿਹੜੀਆਂ ਕਿ ਇੱਕ ਨੰਬਰ ‘ਤੇ 3-3 ਬੱਸਾਂ ਚਲਦੀਆਂ ਸਨ। ਉਨ੍ਹਾਂ ਕਿਹਾ ਕਿ ਬਿਨਾਂ ਪਰਮਿਟ ਤੋਂ ਬੱਸਾਂ ਚਲਦੀਆਂ ਸਨ ਜਿਹੜੀਆਂ ਉਨ੍ਹਾਂ ਫੜ ਕੇ ਅੰਦਰ ਕੀਤੀਆਂ ਅਤੇ ਆਪਣੇ ਆਪ ਸਵਾਰੀ ਪੰਜਾਬ ਰੋਡਵੇਜ਼ ਨੂੰ ਆਉਣ ਲੱਗੀ ਅਤੇ ਟਰਾਂਸਪੋਰਟ ਰੈਵਿਨਿਊ ਵਿੱਚ ਵਾਧਾ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 850 ਦੇ ਕਰੀਬ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ।
ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਲੁਧਿਆਣਾ ਦਿਹਾਤੀ) ਕਰਨਵੀਰ ਸਿੰਘ ਸੋਨੀ ਗਾਲਿਬ, ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਦਲਜੀਤ ਸਿੰਘ ਅਟਵਾਲ, ਸਾਹਨੇਵਾਲ ਹਲਕਾ ਇੰਚਾਰਜ ਸਤਵਿੰਦਰ ਕੌਰ ਬਿੱਟੀ, ਸੀਨੀਅਰ ਕਾਂਗਰਸੀ ਆਗੂ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੀ ਬਿਕਰਮ ਸਿੰਘ ਬਾਜਵਾ ਆਦਿ ਤੋਂ ਇਲਾਵਾ ਕਾਂਗਰਸੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।