ਲੁਧਿਆਣਾ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਕੋਵਿਡ ਪੀੜਤਾਂ ਦੇ ਆਸ਼ਰਿਤ 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਮੁਆਵਜ਼ੇ ਲਈ ਜ਼ਿਲ੍ਹਾ ਲੁਧਿਆਣਾ ਦੇ ਆਪਣੇ ਸਬੰਧਤ SDM ਦਫ਼ਤਰਾਂ ਵਿੱਚ ਅਰਜ਼ੀ ਦੇ ਸਕਦੇ ਹਨ।
ਅੱਜ ਆਪਣੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਕੋਵਿਡ-19 ਕਾਰਨ ਮਰਨ ਵਾਲੇ ਵਸਨੀਕਾਂ ਦੇ ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਾਰਮ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੀ ਵੈੱਬਸਾਈਟ https://ludhiana.nic.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਦਾਅਵੇਦਾਰ ਨੂੰ ਆਪਣੀ ਅਰਜ਼ੀ ਇੱਕ ਫਾਰਮ ਰਾਹੀਂ ਆਪਣੇ ਸਬੰਧਤ ਉਪ-ਮੰਡਲ ਮੈਜਿਸਟ੍ਰੇਟ ਨੂੰ ਵਿਸ਼ੇਸ਼ ਦਸਤਾਵੇਜ਼ਾਂ ਸਮੇਤ ਜਮ੍ਹਾ ਕਰਵਾਉਣੀ ਪਵੇਗੀ, ਜਿਸ ਵਿੱਚ ਮੌਤ ਦੇ ਕਾਰਨ ਨੂੰ ਪ੍ਰਮਾਣਿਤ ਕਰਨ ਵਾਲਾ ਮੌਤ ਦਾ ਸਰਟੀਫਿਕੇਟ, ਦਾਅਵੇਦਾਰ ਦਾ ਪਛਾਣ ਪੱਤਰ, ਮ੍ਰਿਤਕ ਅਤੇ ਦਾਅਵੇਦਾਰ ਵਿਚਕਾਰ ਸਬੰਧਾਂ ਦਾ ਸਬੂਤ, ਲੈਬੋਰਟਰੀ ਰਿਪੋਰਟ ਜਿਸ ਵਿੱਚ ਕੋਵਿਡ-19 ਟੈਸਟ ਪੋਜ਼ਟਿਵ ਦਰਸਾਇਆ ਗਿਆ ਹੋਵੇ ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਹਿਰ ਖਾਣ ਨਾਲ, ਖੁਦਕੁਸ਼ੀ ਕਰਕੇ, ਕਤਲ, ਦੁਰਘਟਨਾ ਆਦਿ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕੋਵਿਡ-19 ਮੌਤ ਨਹੀਂ ਮੰਨਿਆ ਜਾਵੇਗਾ ਭਾਵੇਂ ਕੋਵਿਡ-19 ਨਾਲ ਹੋਣ ਵਾਲੀ ਸਥਿਤੀ ਹੋਵੇ। ਉਨ੍ਹਾਂ ਕਿਹਾ ਕਿ ਇਹ ਸਾਰੇ ਫਾਰਮ ਜਮ੍ਹਾਂ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਐਕਸ-ਗ੍ਰੇਸ਼ੀਆ ਮੁਆਵਜ਼ਾ ਰਾਸ਼ੀ ਪ੍ਰਾਪਤ ਹੋ ਜਾਵੇਗੀ।