ਲੁਧਿਆਣਾ : ਸਿੱਖ ਪੰਥ ਦੀ ਮਹਾਨ ਸੰਸਥਾਂ ਜਵੱਦੀ ਟਕਸਾਲ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਜੀ ਵੱਲੋਂ ਆਰੰਭ ਕੀਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਤਹਿਤ ਜਵੱਦੀ ਟਕਸਾਲ ਵਿਖੇ 30ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 2 ਤੋਂ 5 ਦਸੰਬਰ ਨੂੰ ਸੰਤ ਬਾਬਾ ਅਮੀਰ ਸਿੰਘ ਜੀ ਦੀ ਅਗਵਾਈ ਹੇਠਾ ਕਰਵਾਇਆ ਜਾ ਰਿਹਾ ਹੈ।
ਇੰਨ੍ਹਾਂ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਦੱਸਿਆ ਕਿ 2 ਦਸੰਬਰ ਨੂੰ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਸੁਚਾ ਸਿੰਘ ਜੀ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਹੋਇਆ ਨਵੇਂ ਦਰਬਾਰ ਹਾਲ ਦਾ ਉਦਘਾਟਨ ਸਵੇਰੇ 11 ਵਜੇ ਤੋਂ 3 ਵਜੇ ਤੱਕ ਕੀਤਾ ਜਾਵੇਗਾ ਜਿਸ ਦੀ ਆਰੰਭਤਾ ਭਾਈ ਬਲਵਿੰਦਰ ਸਿੰਘ ਜੀ ਲੋਪੋਂਕੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਸਾਹਿਬ ਹਾਜ਼ਰੀ ਭਰਕੇ ਕਰਨਗੇ।
ਉਦਘਾਟਨ ਸਮਾਗਮ ਵਿੱਚ ਪੰਥ ਦੀਆ ਮਹਾਨ ਸ਼ਖਸ਼ੀਅਤਾਂ ਸੰਤ, ਮਹਾਂਪੁਰਖ, ਸਿੰਘ ਸਾਹਿਬਾਨ ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਦੇ ਹਜੂਰੀ ਕੀਰਤਨੀ ਜੱਥੇ ਆਪਣੀਆ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰੂ ਜਸ ਰਾਹੀ ਨਿਹਾਲ ਕਰਨਗੇਂ ਨਾਲ ਹੀ 2 ਦਸੰਬਰ ਸ਼ਾਮ ਨੂੰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵੀ ਆਰੰਭ ਹੋ ਜਾਵੇਗਾ। ਜੋ ਕਿ 2-3-4 ਅਤੇ 5 ਦਸਬੰਰ ਤੱਕ ਚੱਲੇਗਾ। 2-3-4 ਦਸੰਬਰ ਨੂੰ ਕੇਵਲ ਰਾਤ ਦੇ ਦੀਵਾਨ ਸਜਾਏ ਜਾਣਗੇ ਅਤੇ 5 ਦਸੰਬਰ ਨੂੰ ਸਾਰਾ ਦਿਨ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਚੱਲੇਗਾ।
ਜਿਸ ਵਿੱਚ ਸਿੱਖ ਪੰਥ ਦੇ ਉਚ ਕੋਟੀ ਦੇ 35 ਰਾਗੀ ਜੱਥੇ ਸੰਗਤਾਂ ਨੂੰ ਰਾਗਾਂਤਮਕ ਧੁੰਨਾਂ ਨਾਲ ਗੁਰੂ ਜਸ ਨਾਲ ਜੋੜਨਗੇ। ਇਸ ਦੇ ਨਾਲ ਹੀ ਕਥਾਵਾਚਕ, ਢਾਡੀ ਜੱਥੇ ਅਤੇ ਗੁਣੀ ਜਨ ਵੀ ਹਾਜ਼ਰੀ ਭਰਨਗੇ। ਬਾਬਾ ਜੀ ਨੇ ਕਿਹਾ ਕਿ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਹਰ ਸਾਲ ਦੀ ਤਰ੍ਹਾਂ ਦਿੱਤੇ ਜਾਣ ਵਾਲਾ ਗੁਰਮਤਿ ਸੰਗੀਤ ਐਵਾਰਡ ਇਸ ਵਾਰ ਜਵੱਦੀ ਟਕਸਾਲ ਦੇ ਪ੍ਰਿੰਸੀਪਲ ਉਸਤਾਦ ਜਤਿੰਦਰਪਾਲ ਸਿੰਘ ਜੀ ਨੂੰ ਦਿੱਤਾ ਜਾ ਰਿਹਾ ਹੈ। ਜਿੰਨ੍ਹਾਂ ਨੇ ਸੰਨ 1991 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਵਿਿਦਆਰਥੀਆ ਨੂੰ ਨਿਰਧਾਰਿਤ ਰਾਗਾਂ ਨਾਲ ਕੀਰਤਨ ਦੀ ਸਿੱਖਿਆ ਦੇ ਕੇ ਪੰਥ ਵਿੱਚ ਵੱਡਮੁਲਾ ਯੋਗਦਾਨ ਪਾ ਰਹੇ ਹਨ ਨਾਲ ਹੀ ਬਾਬਾ ਜੀ ਨੇ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇੰਨ੍ਹਾਂ ਸਮਾਗਮਾਂ ਵਿੱਚ ਵੱਧ ਚੜ੍ਹਕੇ ਹਾਜ਼ਰ ਹੋਣ।