ਲੁਧਿਆਣਾ : ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਵਿਰੁੱਧ ਅਦੁੱਤੀ ਭਾਵਨਾ ਅਤੇ ਸ਼ਾਨਦਾਰ ਭੂਮਿਕਾ ਲਈ, ਬੋਰਡ ਨੇ ਸ਼ਹਿਰ ਦੇ ਪੰਜ ਪ੍ਰਮੁੱਖ ਹਸਪਤਾਲਾਂ ਡੀ.ਐਮ.ਸੀ.ਐਚ, ਸੀ.ਐਮ.ਸੀ.ਐਚ, ਸਿਵਲ ਹਸਪਤਾਲ, ਫੋਰਟਿਸ ਹਸਪਤਾਲ ਦੇ ਸੈਂਕੜੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਅੱਜ ਐਸ.ਪੀ.ਐਸ. ਹਸਪਤਾਲ ਦੇ ਡਾਕਟਰਾਂ ਦਾ ਸਨਮਾਨ ਕੀਤਾ ਗਿਆ।
ਹਸਪਤਾਲ ਵਿੱਚ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਿੱਚ ਇਨ੍ਹਾਂ ਡਾਕਟਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਦੀ ਇਸ ਮਹਾਂਮਾਰੀ ਵਿਰੁੱਧ ਲੜਾਈ ਦੌਰਾਨ ਕੀਤੀ ਮਿਹਨਤ ਅਤੇ ਹੌਂਸਲੇ ਦੀ ਕਦਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਵਿਖਾਈ ਗਈ ਦ੍ਰਿੜਤਾ ਲੋਕਾਂ ਲਈ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮਾਰੂ ਵਾਇਰਸ ਵਿਰੁੱਧ ਇਹ ਜੰਗ ਸਭ ਤੋਂ ਮੁਸ਼ਕਲ ਸੀ ਕਿਉਂਕਿ ਦੁਸ਼ਮਣ ਅਦਿੱਖ ਸੀ।
ਉਨ੍ਹਾਂ ਕਿਹਾ ਕਿ ਇਸ ਲੜਾਈ ਦੌਰਾਨ ਸਾਰੇ ਡਾਕਟਰਾਂ ਨੇ ਮਿਸਾਲੀ ਹਿੰਮਤ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਕਈ ਕੀਮਤੀ ਜਾਨਾਂ ਬਚ ਗਈਆਂ। ਉਨ੍ਹਾਂ ਦੱਸਿਆ ਕਿ ਇਹ ਕਰੋਨਾ ਯੋਧੇ ਹੀ ਅਸਲ ਹੀਰੋ ਅਤੇ ਚੈਂਪੀਅਨ ਹਨ ਜੋ ਆਪਣੀ ਜਾਨ ਖਤਰੇ ਵਿੱਚ ਪਾ ਕੇ ਮਹਾਂਮਾਰੀ ਦੌਰਾਨ ਸਭ ਤੋਂ ਅੱਗੇ ਰਹੇ।
ਪੀ.ਵਾਈ.ਡੀ.ਬੀ. ਦੇ ਚੇਅਰਮੈਨ ਨੇ ਅੱਗੇ ਕਿਹਾ ਕਿ ਬੋਰਡ ਦਾ ਫਰਜ਼ ਬਣਦਾ ਹੈ ਕਿ ਉਹ ਉਨ੍ਹਾਂ ਸਾਰੇ ਲੋਕਾਂ ਦਾ ਬਣਦਾ ਮਾਣ-ਸਤਿਕਾਰ ਕਰੇ ਜਿਨ੍ਹਾਂ ਕੋਰੋਨਾ ਵਾਇਰਸ ‘ਤੇ ਫਤਿਹ ਪਾਉਣ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਇਸ ਮੌਕੇ ਸਿਵਲ ਸਰਜਨ ਡਾ.ਐਸ.ਪੀ. ਸਿੰਘ, ਡਾ. ਗੁਰਪ੍ਰੀਤ ਸਿੰਘ ਪਲਮੋਨੋਲੋਜਿਸਟ, ਡਾ. ਰਾਜੀਵ ਕੁੰਦਰਾ ਮੈਡੀਕਲ ਸੁਪਰਡੈਂਟ, ਡਾ. ਚੰਚਲ ਗੇਰਾ ਕੰਸਲਟੈਂਟ ਫਿਜ਼ੀਸ਼ੀਅਨ, ਪ੍ਰਭਜੋਤ ਸਿੰਘ ਹੈੱਡ ਬਾਇਓਮੈਡੀਕਲ ਅਤੇ ਮਾਰਕੀਟਿੰਗ ਅਤੇ ਸ੍ਰੀ ਸਤਨਾਮ ਸੀ.ਐਸ.ਓ ਹਾਜ਼ਰ ਸਨ।