Connect with us

ਖੇਤੀਬਾੜੀ

ਪੀ.ਏ.ਯੂ. ਵਿੱਚ ਪਰਾਲੀ ਦੀ ਸੰਭਾਲ ਲਈ ਖੇਤੀ ਮਾਹਿਰਾਂ, ਕਿਸਾਨਾਂ ਅਤੇ ਉਦਯੋਗ ਪ੍ਰਤੀਨਿਧਾਂ ਵਿੱਚ ਵਿਚਾਰ-ਚਰਚਾ ਹੋਈ  

Published

on

P.A.U. Discussions were held among agronomists, farmers and industry representatives on straw management

ਲੁਧਿਆਣਾ:  ਪੀ.ਏ.ਯੂ. ਵਿੱਚ ਫਾਰਮ ਇਨੋਵੇਸ਼ਨਜ਼ ਸਪੋਰਟ ਪ੍ਰੋਗਰਾਮ ਤਹਿਤ ਪੀ.ਏ.ਯੂ. ਉਦਯੋਗ ਸਾਂਝ ਦੇ ਮੱਦੇਨਜ਼ਰ ਅੱਜ ਇੱਕ ਵਿਚਾਰ-ਚਰਚਾ ਹੋਈ । ਡਾ. ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ ਵਿੱਚ ਕਰਵਾਈ ਗਈ ਇਸ ਚਰਚਾ ਵਿੱਚ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਨੂੰ ਕੇਂਦਰੀ ਮੁੱਦਾ ਬਣਾਇਆ ਗਿਆ ਸੀ । ਇਸ ਵਿਚਾਰ ਚਰਚਾ ਵਿੱਚ ਮੱੁਦੇ ਨਾਲ ਸੰਬੰਧਤ ਵੱਖ-ਵੱਖ ਧਿਰਾਂ ਜਿਵੇਂ ਪੀ.ਏ.ਯੂ. ਅਧਿਕਾਰੀ, ਉਦਯੋਗਾਂ ਦੇ ਪ੍ਰਤੀਨਿਧ, ਮਸ਼ੀਨਰੀ ਮਾਹਿਰ, ਖੇਤੀ ਵਿਗਿਆਨੀ ਅਤੇ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਕਿਸਾਨ ਵੀ ਸ਼ਾਮਿਲ ਹੋਏ ।

ਅਟਾਰੀ ਦੇ ਨਿਰਦੇਸ਼ਕ ਡਾ. ਰਾਜਬੀਰ ਬਰਾੜ ਨੇ ਇਸ ਸੰਬੰਧ ਵਿੱਚ ਦੱਸਿਆ ਕਿ ਕਿ੍ਰਸ਼ੀ ਵਿਗਿਆਨ ਕੇਂਦਰਾਂ ਵੱਲੋਂ ਇਸ ਮੁੱਦੇ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਪਰਾਲੀ ਦੀ ਸੰਭਾਲ ਦੀ ਉੱਤਮ ਮਸ਼ੀਨਰੀ ਸਾਹਮਣੇ ਲਿਆਂਦੀ ਹੈ ਅਤੇ ਕਿਸਾਨਾਂ ਨੂੰ ਇਸ ਦੀ ਵਰਤੋਂ ਕਰਕੇ ਵਾਤਾਵਰਨ ਪੱਖੀ ਖੇਤੀ ਨਾਲ ਜੁੜਨਾ ਚਾਹੀਦਾ ਹੈ । ਉਹਨਾਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਦੇ ਲਾਭ ਦੱਸਦਿਆਂ ਪ੍ਰੇਰਿਤ ਵੀ ਕੀਤਾ ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਸ ਮੁੱਦੇ ਬਾਰੇ ਗੱਲਬਾਤ ਕਰਦਿਆਂ ਪਰਾਲੀ ਸਾੜਨ ਦੇ ਰੁਝਾਨ ਬਾਰੇ ਵਿਸਥਾਰ ਨਾਲ ਗੱਲ ਕੀਤੀ । ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਬੀਤੇ ਸਾਲਾਂ ਵਿੱਚ ਇਸ ਮੁੱਦੇ ਤੇ ਆਪਣੇ ਖੋਜ ਅਤੇ ਪਸਾਰ ਪ੍ਰੋਗਰਾਮ ਨੂੰ ਇਸ ਤਰਾਂ ਵਿਉਂਤਿਆ ਹੈ ਕਿ ਪਰਾਲੀ ਦੀ ਸੰਭਾਲ ਦਾ ਤਕਨੀਕੀ ਹੱਲ ਲੱਭਿਆ ਜਾ ਸਕੇ । ਇਸ ਦੇ ਬਾਵਜੂਦ ਇਸ ਸਮੱਸਿਆ ਦੀ ਪੂਰੀ ਤਰਾਂ ਰੋਕਥਾਮ ਲਈ ਸਮੁੱਚੇ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ।

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਮੌਕੇ ਪੀ.ਏ.ਯੂ. ਵੱਲੋਂ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਲਈ ਸਿਫ਼ਾਰਸ਼ ਕੀਤੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ । ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਘੱਟ ਮਿਆਦ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਤੋਂ ਲੈ ਕੇ ਉੱਚ ਪੱਧਰੀ ਮਸ਼ੀਨਰੀ ਤੱਕ ਹਰ ਪੱਖ ਨੂੰ ਆਪਣੀ ਖੋਜ ਅਤੇ ਪਸਾਰ ਦਾ ਆਧਾਰ ਬਣਾਇਆ ਹੈ । ਉਹਨਾਂ ਕਿਹਾ ਕਿ ਕਿਸੇ ਵੀ ਤਰਾਂ ਨਾਲ ਪਰਾਲੀ ਦੀ ਸੰਭਾਲ ਕਰਨੀ ਸਮੇਂ ਦੀ ਲੋੜ ਹੈ । ਡਾ. ਮਾਹਲ ਨੇ ਖੇਤ ਤੋਂ ਬਾਹਰ ਪਰਾਲੀ ਸੰਭਾਲਣ ਦੇ ਤਰੀਕਿਆਂ ਬਾਰੇ ਭਵਿੱਖ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ ।

ਸੀ ਆਈ ਆਈ ਤੋਂ ਸ੍ਰੀ ਚੰਦਰ ਕਾਂਤ ਪ੍ਰਧਾਨ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ । ਉਹਨਾਂ ਕਿਹਾ ਕਿ ਸੀ ਆਈ ਆਈ ਨੇ ਬੀਤੇ ਸਾਲਾਂ ਵਿੱਚ ਪੀ.ਏ.ਯੂ. ਨਾਲ ਸਹਿਯੋਗ ਕਰਕੇ ਇਸ ਦਿਸ਼ਾ ਵਿੱਚ ਕੰਮ ਕੀਤਾ ਹੈ ਪਰ ਅਜੇ ਹੋਰ ਕਾਰਜ ਕੀਤੇ ਜਾਣ ਦੀ ਗੁੰਜਾਇਸ਼ ਹੈ  ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਡਾ. ਵਿਸ਼ਾਲ ਬੈਕਟਰ ਦੀ ਨਿਗਰਾਨੀ ਹੇਠ ਕਿਸਾਨਾਂ ਨਾਲ ਇੱਕ ਖੁੱਲੀ ਵਿਚਾਰ-ਚਰਚਾ ਹੋਈ । ਕਿਸਾਨਾਂ ਨੇ ਪਰਾਲੀ ਦੀ ਸੰਭਾਲ ਦੀ ਦਿਸ਼ਾ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਅਤੇ ਆਪਣੇ ਤਜਰਬੇ ਸਾਂਝੇ ਕੀਤੇ ।

ਆਰੰਭ ਵਿੱਚ ਅਪਰ ਨਿਰੇਦਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਸਵਾਗਤੀ ਸ਼ਬਦ ਕਹੇ ਜਦਕਿ ਡਾ. ਵਿਸ਼ਾਲ ਬੈਕਟਰ ਨੇ ਭਾਗ ਲੈਣ ਵਾਲਿਆਂ ਨਾਲ ਜਾਣ-ਪਛਾਣ ਕਰਵਾਈ । ਡਾ. ਜਸਕਰਨ ਸਿੰਘ ਮਾਹਲ ਨੇ ਅੰਤ ਵਿੱਚ ਸਮੁੱਚੀ ਵਿਚਾਰ-ਚਰਚਾ ਨੂੰ ਸਮੇਟਿਆ । ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਨਾਰੰਗ ਨੇ ਧੰਨਵਾਦ ਦੇ ਸ਼ਬਦ ਕਹੇ ।

Facebook Comments

Trending