ਤੁਹਾਨੂੰ ਦੱਸ ਦਿੰਦੇ ਹਾਂ ਕਿ ਜਲਾਲਾਬਾਦ ਬਾਈਕ ਬੰਬ ਧਮਾਕੇ ਦੇ ਮਾਸਟਰ ਮਾਈਂਡ ਅਤੇ ਉਸ ਦੇ ਗ੍ਰਿਫ਼ਤਾਰ ਦੋਵੇਂ ਸਾਥੀ ਟਿਫਨ ਬੰਬ ਰਾਹੀਂ ਸੂਬੇ ’ਚ ਵੱਡਾ ਧਮਾਕਾ ਕਰਨ ਲਈ ਆਪਣੇ ਅਕਾਵਾਂ ਦੇ ਇਸ਼ਾਰੇ ਦੇ ਇੰਤਜ਼ਾਰ ਵਿਚ ਸਨ। ਪਰ ਇਸ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰ ਕੇ ਜਿੱਥੇ ਬੰਬ ਧਮਾਕੇ ਦੀ ਯੋਜਨਾ ਅਸਫਲ ਬਣਾ ਦਿੱਤੀ, ਉਥੇ ਹੀ, ਫਿਰੋਜ਼ਪੁਰ ਦੇ ਪਿੰਡ ਨਹਿੰਗਾਂ ਦੇ ਝੁੱਗੇ ਸਥਿਤ ਮਾਸਟਰ ਮਾਈਂਡ ਦੇ ਘਰੋਂ ਜ਼ਮੀਨ ’ਚ ਦੱਬਿਆ ਟਿਫਨ ਬੰਬ ਬਰਾਮਦ ਕਰ ਲਿਆ। ਇਨ੍ਹਾਂ ਤਿੰਨਾਂ ਨਾਲ ਹੁਣ ਜਗਰਾਓਂ ਪੁਲਿਸ ਮੁਕਤਸਰ ਜ਼ੇਲ੍ਹ ਵਿਚ ਬੰਦ 2 ਹੋਰ ਸਾਥੀਆਂ ਨੂੰ 12 ਨਵੰਬਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਵੇਗੀ। ਇਸ ਕੇਸ ਵਿਚ ਗ੍ਰਿ੍ਰਫ਼ਤਾਰ ਮਾਸਟਰ ਮਾਈਂਡ ਰਣਜੀਤ ਸਿੰਘ ਉਰਫ ਗੋਰਾ ਵਾਸੀ ਨਹਿੰਗਾਂ ਦੇ ਝੁੱਗੇ ਫਿਰੋਜ਼ਪੁਰ, ਉਸ ਦੇ ਪਿਤਾ ਜਸਵੰਤ ਸਿੰਘ ਅਤੇ ਇਨ੍ਹਾਂ ਨੂੰ ਪਨਾਹ ਦੇਣ ਵਾਲਾ ਸਿੱਧਵਾਂ ਬੇਟ ਦੇ ਪਿੰਡ ਵਲੀਪੁਰ ਖੁਰਦ ਵਾਸੀ ਬਲਵੰਤ ਸਿੰਘ ਨੂੰ ਮੰਗਲਵਾਰ ਅਦਾਲਤ ’ਚ ਪੇਸ਼ ਕੀਤਾ ਗਿਆ।
ਉੱਥੇ ਹੀ ਇਸ ਦੌਰਾਨ ਪੁਲਿਸ ਨੇ ਉਕਤ ਤਿੰਨਾਂ ਦੇ ਨਾਲ ਇਨ੍ਹਾਂ ਦੇ ਹੋਰ ਸਾਥੀਆਂ ਦਾ ਪਤਾ ਲਗਾਉਣ ਅਤੇ ਜਲਾਲਾਬਾਦ ਬਾਈਕ ਬੰਬ ਧਮਾਕੇ ’ਚ ਸ਼ਾਮਲ ਦੋ ਹੋਰ ਸਾਥੀ ਸੁਖਦੇਵ ਸਿੰਘ ਸੁੱਖਾ ਪੁੱਤਰ ਗੁਰਮੀਤ ਸਿੰਘ ਵਾਸੀ ਚਾਂਦੀਵਾਲਾ (ਫਿਰੋਜ਼ਪੁਰ) ਅਤੇ ਪ੍ਰਵੀਨ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਧਰਮੋ ਵਾਲਾ (ਫਿਰੋਜ਼ਪੁਰ) ਜੋ ਮੁਕਤਸਰ ਜੇਲ੍ਹ ’ਚ ਬੰਦ ਹਨ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਇਨ੍ਹਾਂ ਸਾਹਮਣੇ ਮਾਮਲਿਆਂ ’ਚ ਪੁੱਛਗਿੱਛ ਕਰਨ ਲਈ ਹੋਰ ਰਿਮਾਂਡ ਦੀ ਮੰਗ ਕੀਤੀ। ਇਸ ’ਤੇ ਅਦਾਲਤ ਨੇ ਜਿੱਥੇ ਉਕਤ ਤਿੰਨਾਂ ਦੇ ਪੁਲਿਸ ਰਿਮਾਂਡ ’ਚ 4 ਦਿਨ ਦਾ ਵਾਧਾ ਕੀਤਾ, ਉਥੇ ਮੁਕਤਸਰ ਜੇਲ੍ਹ ਵਿਚ ਬੰਦ ਸੁਖਦੇਵ ਅਤੇ ਪ੍ਰਵੀਨ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਲਈ 12 ਨਵੰਬਰ ਦੇ ਹੁਕਮ ਜਾਰੀ ਕੀਤੇ। ਜਲਾਲਾਬਾਦ ਬਾਈਕ ਬੰਬ ਵਿਸਫੋਟ ਦੇ ਮਾਸਟਰ ਮਾਈਂਡ ਰਣਜੀਤ ਸਿੰਘ ਉਰਫ ਗੋਰਾ ਵਾਸੀ ਨਹਿੰਗਾਂ ਦੇ ਝੁੱਗੇ ਫਿਰੋਜ਼ਪੁਰ ਨੇ ਅੱਤਵਾਦੀ ਤਾਕਤਾਂ ਦੇ ਇਸ਼ਾਰੇ ’ਤੇ ਪੰਜਾਬ ਵਿਚ ਤਿਉਹਾਰਾਂ ਦੇ ਦਿਨਾਂ ’ਚ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਲਈ ਆਪਣੇ ਹੀ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ‘ਫੌਜ’ ਤਿਆਰ ਕਰ ਲਈ। ਇਸ ’ਚ ਰਣਜੀਤ ਸਿੰਘ ਨੇ ਪਹਿਲਾਂ ਆਪਣੇ ਪਿਤਾ ਜਸਵੰਤ ਸਿੰਘ ਨੂੰ ਨਾਲ ਜੋੜਿਆ। ਇਸ ਤੋਂ ਬਾਅਦ ਸਿੱਧਵਾਂ ਬੇਟ ਰਹਿੰਦੇ ਪਿੰਡ ਵਲੀਪੁਰ ਖੁਰਦ ਰਿਸ਼ਤੇਦਾਰ ਬਲਵੰਤ ਸਿੰਘ ਜੋ ਗ੍ਰਿਫ਼ਤਾਰ ਹੈ ਅਤੇ ਫ਼ਰਾਰ ਤਰਲੋਕ ਸਿੰਘ ਪੁੱਤਰ ਜੀਤ ਸਿੰਘ ਵਾਸੀ ਖੁਰਸ਼ੈਦਪੁਰਾ ਵੀ ਸ਼ਾਮਲ ਕੀਤੇ। ਇਹੀ ਨਹੀਂ ਰਣਜੀਤ ਨੇ ਆਪਣੇ ਨਾਲ ਇਸ ਤੋਂ ਬਾਅਦ ਆਪਣੇ ਸਹੁਰੇ ਤਰਲੋਕ ਸਿੰਘ ਨੂੰ ਵੀ ਜੋੜਿਆ।