ਲੁਧਿਆਣਾ : ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਅਭਿਆਸ ਸਮਾਗਮ ਕਰਵਾਇਆ ਗਿਆ।
ਸ਼ੋ੍ਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਹੋਏ ਇਸ ਸਿਮਰਨ ਸਮਾਗਮ ਦੇ ਆਰੰਭ ‘ਚ ਗੁਰਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਉਪਰੰਤ ਨਾਮ ਸਿਮਰਨ ਹੋਇਆ।
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਿਆ। ਬਾਬਾ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਤਿਸੰਗਤ ਅੰਦਰ ਆਇਆਂ ਹੀ ਮਨੁੱਖ ਦਾ ਉਧਾਰ ਹੋ ਸਕਦਾ ਹੈ ਤੇ ਗੁਰੂ ਦੀ ਬਖ਼ਸ਼ਿਸ਼ ਦੁਆਰਾ ਹੀ ਅੰਦਰੋਂ ਸੁੱਕੇ ਹੋਏ ਹਿਰਦੇ ਹਰੇ ਹੋ ਜਾਂਦੇ ਹਨ ਅਤੇ ਮਨੁੱਖ ਪਰਮ ਪਦਵੀ ਨੂੰ ਪ੍ਰਾਪਤ ਹੁੰਦਾ ਹੈ।
ਬਾਬਾ ਜੀ ਨੇ ਕਿਹਾ ਕਿ ਸਾਰੇ ਖ਼ਜ਼ਾਨੇ, ਸਭ ਰਿਧੀਆਂ-ਸਿਧੀਆਂ ਉਸ ਵਾਹਿਗੁਰੂ ਨੇ ਆਪਣੇ ਹੱਥ ਦੀ ਤਲੀ ‘ਤੇ ਰੱਖੀਆਂ ਹੋਈਆਂ ਹਨ। ਉਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰ ਕੇ ਮਨੁੱਖ ਨੂੰ ਅੱਠੇ ਪਹਿਰ ਉਸ ਪਰਮੇਸ਼ਰ ਨਾਲ ਜੁੜੇ ਰਹਿਣ ਚਾਹੀਦਾ ਹੈ ਤਾਂ ਕਿ ਜਨਮ ਸਫ਼ਲਾ ਹੋ ਸਕੇ।