ਤਰਨਤਾਰਨ : ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਪਾਰ ਫਸਲ ਦੀ ਕਟਾਈ ਲਈ ਗਏ ਦੋ ਵਿਅਕਤੀਆਂ ਨੂੰ ਇਕ ਕਿਲੋ ਦੇ ਕਰੀਬ ਹੈਰੋਇਨ ਸਣੇ ਕਾਬੂ ਕੀਤਾ ਹੈ।
ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਨਵਦੀਪ ਭੱਟੀ ਨੇ ਦੱਸਿਆ ਕਿ ਬੀਐੱਸਐੱਫ ਦੀ 103 ਬਟਾਲੀਅਨ ਦੇ ਕੰਪਨੀ ਕਮਾਂਡਰ ਸੰਜੇ ਕੁਮਾਰ ਨੇ ਇਕ ਪੱਤਰ ਦਿੱਤਾ ਸੀ ਕਿ ਗੁਰਲਾਲ ਸਿੰਘ ਪੁੱਤਰ ਸਰਵਣ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਠੱਠੀ ਜੈਮਲ ਸਿੰਘ ਆਪਣੀ ਜ਼ਮੀਨ ਵਿਚੋਂ ਫਸਲ ਦੀ ਕਟਾਈ ਕਰਨ ਲਈ ਤਾਰੋਂ ਪਾਰ ਗਏ ਸਨ, ਜਿਨ੍ਹਾਂ ਕੋਲੋਂ ਚੈਕਿੰਗ ਦੇ ਦੌਰਾਨ 950 ਗ੍ਰਾਮ ਹੈਰੋਇਨ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਟਰਾਲੀ ਵਿਚ ਸੀ ਅਤੇ ਬੀਐੱਸਐੱਫ ਨੇ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ। ਜਿਨ੍ਹਾਂ ਕੋਲੋੋਂ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਲੋਕ ਕੰਡਿਆਲੀ ਤਾਰ ਦੇ ਪਾਰ ਠੇਕੇ ’ਤੇ ਜ਼ਮੀਨ ਲੈ ਕੇ ਵਾਹੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਨੇ ਟਰੈਕਟਰ ਟਰਾਲੀ ਅਤੇ ਕੰਬਾਇਨ ਵੀ ਪੁਲਿਸ ਦੇ ਹਵਾਲੇ ਕਰ ਦਿੱਤੀ ਹੈ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ।