ਖਰੜ : ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਤੇ ਖਰੜ ਤੋਂ ਹਲਕਾ ਇੰਚਾਰਜ ਅਨਮੋਲ ਗਗਨ ਮਾਨ ਨੇ ਆਪਣੀ ਦੀਵਾਲੀ ਧਰਨੇ ‘ਤੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਨਾਲ ਮਨਾਈ।
ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨਾਲ ਹੋ ਰਹੀ ਜ਼ਿਆਦਤੀ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਡਿਗਰੀਆਂ ਹਾਸਲ ਕਰਨ ਪਿੱਛੋਂ ਟੈਟ ਪਾਸ ਕਰ ਕੇ ਵੀ ਸਰਕਾਰ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਇਕ ਸੁਚੱਜਾ ਭਵਿੱਖ ਦੇਣ ‘ਚ ਅਸਫ਼ਲ ਸਾਬਿਤ ਹੋਈ ਹੈ ।
ਪੰਜਾਬ ਪੁਲਿਸ ਦੇ ਐੱਸਆਈ ਅਤੇ ਇੰਟੈਲੀਜੈਂਸ ਦੀ ਭਰਤੀ ਪ੍ਰਰੀਖਿਆ ‘ਚ ਨਕਲ ਦੇ ਖੁਲਾਸੇ ਪਿੱਛੋਂ ਰੱਦ ਹੋਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਖਮਿਆਜਾ ਵੱਖ-ਵੱਖ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਝੱਲਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਐੱਸਆਈ ਅਤੇ ਇੰਟੈਲੀਜੈਂਸ ਦੀ ਤਿਆਰੀ ਕਰ ਰਹੇ ਪੰਜਾਬ ਦੇ ਲੱਖਾਂ ਨੌਜਵਾਨਾਂ ਦੀ ਮਿਹਨਤ ‘ਤੇ ਪਾਣੀ ਫਿਰ ਗਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜ ਸਾਲ ਤੋਂ ਨੌਕਰੀਆਂ ਦੀ ਉਡੀਕ ‘ਚ ਬੈਠੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਧਰਨੇ ਤੇ ਬੈਠੇ ਹੋਏ ਟੈਟ ਪਾਸ ਅਧਿਆਪਕਾਂ ਦੀ ਸਰਕਾਰ ਨੇ ਕੋਈ ਗੁਹਾਰ ਨਹੀਂ ਸੁਣੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਮੰਨਕੇ ਉਨਾਂ ਨਾਲ ਨਿਆਂ ਕਰੇ।