ਲੁਧਿਆਣਾ : ਮਾਣਯੋਗ ਜੱਜ ਸ੍ਰੀ ਅਗਸਟੀਨ ਮਸੀਹ ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜਨ, ਲੁਧਿਆਣਾ ਵੱਲੋਂ ਜਿਲ੍ਹਾ ਕਚਹਿਰੀਆਂ, ਲੁਧਿਆਣਾ ਦਾ ਦੌਰਾ ਕੀਤਾ ਗਿਆ । ਇਸ ਮੌਕੇ ਤੇ ਉਨ੍ਹਾਂ ਵੱਲੋਂ ਜਿਲ੍ਹਾ ਕਚਹਿਰੀਆਂ, ਲੁਧਿਆਣਾ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਏ.ਟੀ.ਐਮ. ਮਸ਼ੀਨ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਐਡਵੋਕੇਟਸ ਅਤੇ ਆਮ ਪਬਲਿਕ ਨੂੰ ਬਹੁਤ ਵੱਡੀ ਸੁਵਿਧਾ ਉਪਲੱਬਧ ਕਰਵਾਈ ਗਈ ।
ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਪੀ.ਐਸ. ਕਾਲੇਕਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਮੈਗਾ ਕੈਂਪ ਕੋਰਟ ਦਾ ਵੀ ਆਯੋਜਨ ਕਰਵਾਇਆ ਗਿਆ ।
ਇਸ ਮੈਗਾ ਕੈਂਪ ਕੋਰਟ ਵਿੱਚ 10 ਜ਼ੂਡੀਸ਼ਿਅਲ ਮੈਜਿਸਟਰੇਟ ਸਾਹਿਬਾਨ ਵੱਲੋਂ ਸਪੈਸ਼ਲ ਕੈਂਪ ਕੋਰਟਾਂ ਦਾ ਆਯੋਜਨ ਕੀਤਾ ਗਿਆ ਅਤੇ ਛੋਟੇ ਜੁਰਮਾਂ ਅਧੀਨ ਜੇਲ੍ਹ ਵਿੱਚ ਬੰਦ ਅਜਿਹੇ ਹਵਾਲਾਤੀਆਂ ਜਿਨ੍ਹਾਂ ਵੱਲੋਂ ਆਪਣਾ ਜੁ਼ਰਮ ਮੰਨਿਆ ਗਿਆ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਾ ਕਰਨ ਦਾ ਭਰੋਸਾ ਦਿਵਾਇਆ ਗਿਆ, ਦੇ ਕੇਸਾਂ ਦਾ ਮੌਕੇ ਤੇ ਹੀ ਫੈਸਲਾ ਕੀਤਾ ਗਿਆ । ਇਸ ਮੈਗਾ ਕੈਂਪ ਕੋਰਟ ਦੌਰਾਨ ਲਗਭਗ 68 ਹਵਾਲਾਤੀਆਂ ਨੂੰ ਮੌਕੇ ਤੇ ਹੀ ਉਨ੍ਹਾਂ ਵੱਲੋਂ ਜੇਲ੍ਹ ਵਿੱਚ ਕੱਟੀ ਜਾ ਚੁੱਕੇ ਸਮੇਂ ਤੇ ਹੀ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ।