ਲੁਧਿਆਣਾ : ਲੁਧਿਆਣਾ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ 6 ਮੈਂਬਰਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਹਥਿਆਰ ਵਾਹਨ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਸੰਬੰਧੀ ਏ. ਡੀ. ਸੀ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਕਥਿਤ ਦੋਸ਼ੀਆਂ ‘ਚ ਅੰਮਿ੍ਤਪਾਲ ਸਿੰਘ ਵਾਸੀ ਵਿਸ਼ਵਕਰਮਾ ਨਗਰ, ਆਕਾਸ਼ਦੀਪ ਸਿੰਘ ਵਾਸੀ ਕੁਲਦੀਪ ਨਗਰ, ਨੰਨ੍ਹੀ ਵਾਸੀ ਗੁਰੂ ਅਰਜਨ ਦੇਵ ਨਗਰ, ਦਿਲਜੋਤ ਵਾਸੀ ਫਲੈਟ ਵਰਧਮਾਨ, ਮਨਦੀਪ ਸਿੰਘ ਵਾਸੀ ਆਨੰਦਪੁਰੀ ਤੇ ਅਜੇ ਮਹਿਰਾ ਵਾਸੀ ਗੋਬਿੰਦ ਸਿੰਘ ਨਗਰ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਨ੍ਹਾਂ ਦੇ ਕਬਜ਼ੇ ‘ਚੋਂ ਤਿੰਨ ਮੋਟਰਸਾਈਕਲ, ਤਿੰਨ ਐਕਟਿਵਾ, ਇਕ ਕਿਰਪਾਨ, ਦੋ ਦਾਤ, ਇਕ ਪਿਸਟਲ, 8 ਮੋਬਾਈਲ, ਇਕ ਲੈਪਟਾਪ, ਕਿਰਚ ਤੇ ਹੋਰ ਸਾਮਾਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਹੁਣ ਤੱਕ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਇਹ ਕਥਿਤ ਦੋਸ਼ੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਰਗਰਮ ਸਨ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ 33 ਫੁੱਟਾ ਰੋਡ, ਜਮਾਲਪੁਰ, ਵਰਧਮਾਨ ਚੌਕ, ਗੁਰੂ ਅਰਜਨ ਦੇਵ ਨਗਰ, ਢੋਲੇਵਾਲ ਚੌਕ, ਸਲੇਮ ਟਾਬਰੀ, ਸ਼ਿਵਪੁਰੀ ਤੇ ਆਸ-ਪਾਸ ਦੇ ਇਲਾਕਿਆਂ ‘ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਅਤੇ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।