ਬਠਿੰਡਾ: ਪੰਜਾਬ ਵਿੱਚ ਪੈ ਰਹੀ ਕਹਿਰ ਦੀ ਗਰਮੀ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਗਰਮੀ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਠਿੰਡਾ ਦੀ ਗੱਲ ਕਰੀਏ ਤਾਂ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਗਰਮੀ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਗਰਮੀ ਕਾਰਨ ਰੇਲਵੇ ਸਟੇਸ਼ਨ ’ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਗੁਡਜ਼ ਵੇਅਰ ਹਾਊਸ ਰੋਡ ’ਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ।
ਤਿੰਨੋਂ ਬੇਘਰ ਅਤੇ ਬੇਸਹਾਰਾ ਸਨ ਅਤੇ ਉਨ੍ਹਾਂ ਕੋਲ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਇਸੇ ਤਰ੍ਹਾਂ ਗਿੱਦੜਬਾਹਾ ਦੇ ਰਹਿਣ ਵਾਲੇ ਮੁਕੰਦ ਲਾਲ (60) ਦੀ ਮਾਲ ਰੋਡ ’ਤੇ ਗਰਮੀ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਸੰਸਥਾ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਇਨ੍ਹਾਂ ਮਾਮਲਿਆਂ ‘ਚ ਥਾਣਾ ਜੀ.ਆਰ.ਪੀ. ਅਤੇ ਸਦਰ ਥਾਣਾ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ। ਇਸ ਤੋਂ ਇਲਾਵਾ ਸੰਤਪੁਰਾ ਰੋਡ ਅਤੇ ਮਾਲ ਗੋਦਾਮ ਰੋਡ ’ਤੇ ਗਰਮੀ ਕਾਰਨ ਦੋ ਵਿਅਕਤੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਸੰਸਥਾ ਵੱਲੋਂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਜ਼ਿਲ੍ਹੇ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਬੇਘਰੇ ਅਤੇ ਬੇਸਹਾਰਾ ਲੋਕ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਮੰਗਲਵਾਰ ਨੂੰ ਜ਼ਿਲ੍ਹੇ ਦਾ ਤਾਪਮਾਨ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਦਿਨ ਭਰ ਅਸਮਾਨ ਤੋਂ ਅੱਗ ਦੀ ਵਰਖਾ ਹੁੰਦੀ ਰਹੀ। ਕੜਾਕੇ ਦੀ ਗਰਮੀ ਕਾਰਨ ਜਿੱਥੇ ਲੋਕ ਘਰਾਂ ਵਿੱਚ ਬੰਦ ਰਹੇ, ਉਥੇ ਹੀ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਦਿਨ ਭਰ ਸੰਨਾਟਾ ਛਾਇਆ ਰਿਹਾ।