ਲੁਧਿਆਣਾ : ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਲੱਖਾਂ ਰੁਪਏ ਮੁੱਲ ਦੇ ਵਾਹਨ ਮੋਬਾਈਲ ਤੇ ਹਥਿਆਰ ਬਰਾਮਦ ਕੀਤੇ ਹਨ। ਕਾਬੂ ਕੀਤੇ ਕਥਿਤ ਦੋਸ਼ੀ ਲੁੱਟਖੋਹ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
ਇਸ ਸੰਬੰਧੀ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਐਸ. ਐਚ. ਓ. ਜਸਬੀਰ ਕੌਰ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ‘ਚ ਸ਼ੁਭਮ ਪੁੱਤਰ ਅਸ਼ੋਕ ਕੁਮਾਰ ਵਾਸੀ ਸੁਭਾਸ਼ ਨਗਰ ਮੋਹਿਤ ਪੁੱਤਰ ਰਵੀ ਵਾਸੀ ਨਿਊ ਸੁਭਾਸ਼ ਨਗਰ, ਅਮਨਦੀਪ ਸਿੰਘ ਪੁੱਤਰ ਕਿ੍ਸ਼ਨ ਲਾਲ ਵਾਸੀ ਟਿੱਬਾ ਰੋਡ ਤੇ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਾਹੋਂ ਰੋਡ ਸ਼ਾਮਿਲ ਹਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 35 ਮੋਬਾਈਲ, ਪੰਜ ਮੋਟਰਸਾਈਕਲ ਤੇ ਕੁਝ ਹਥਿਆਰ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਅਜਿਹੇ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਹੁਣ ਤੱਕ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ ਅਤੇ ਦੋਸ਼ੀ ਰਾਹ ਜਾਂਦੇ ਲੋਕਾਂ ਪਾਸੋਂ ਹਥਿਆਰ ਦਿਖਾ ਕੇ ਮੋਬਾਈਲ ਤੇ ਮੋਟਰਸਾਈਕਲ ਖੋਹ ਲੈਂਦੇ ਸਨ। ਪੁਲਿਸ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ।