ਲੁਧਿਆਣਾ : ਚਿਹਰੇ ਢੱਕ ਕੇ ਬੈਂਕ ਅੰਦਰ ਦਾਖ਼ਲ ਹੋਏ ਦੋ ਬਦਮਾਸ਼ਾਂ ਨੇ ਬੈਂਕ ਮੁਲਾਜ਼ਮ ਨੂੰ ਗੱਲਾਂ ਵਿਚ ਲਗਾ ਕੇ ਬਕਸੇ ਵਿੱਚੋਂ ਚਾਰ ਲੱਖ ਦੇ ਚੈੱਕ ਚੋਰੀ ਕੀਤੇ। ਵਾਰਦਾਤ ਪਿੱਛੋਂ ਮੁਲਜ਼ਮ ਖਿਸਕ ਗਏ ਤੇ ਦੇਹਰਾਦੂਨ ਪੁੱਜ ਕੇ ਚੈੱਕ ਕੈਸ਼ ਕਰਵਾ ਲਏ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਦੇ ਮੁਖੀ ਹਰਜਿੰਦਰ ਸਿੰਘ ਮੁਤਾਬਕ ਅਣਪਛਾਤੇ ਅਨਸਰਾਂ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਕੋਤਵਾਲੀ ਦੀ ਪੁਲਿਸ ਨੂੰ ਐਕਸਿਸ ਬੈਂਕ ਕੇਸਰਗੰਜ ਮੰਡੀ ਦੇ ਸਹਾਇਕ ਮੈਨੇਜਰ ਮਨਿੰਦਰ ਸਿੰਘ ਨੇ ਦੱਸਿਆ ਕਿ ਸਾਲ ਪਹਿਲਾਂ ਵਪਾਰੀ ਨੇ ਚਾਰ ਲੱਖ ਦੀ ਰਕਮ ਦੇ ਚੈੱਕ ਖਾਤੇ ਵਿਚ ਲਾਉਣ ਲਈ ਬਕਸੇ ਵਿਚ ਪਾਏ ਸਨ। ਚੈੱਕ ਡ੍ਰੋਪ ਹੋਣ ਤੋਂ ਕੁਝ ਸਮਾਂ ਬਾਅਦ ਮੂੰਹ ’ਤੇ ਮਾਸਕ ਪਾਏ ਦੋ ਅਨਸਰ ਆਏ ਜਿਨ੍ਹਾਂ ਨੇ ਬੈਂਕ ਮੁਲਾਜ਼ਮ ਨੂੰ ਗੱਲਾਂ ਵਿਚ ਲਗਾ ਲਿਆ।
ਮੁਲਜ਼ਮਾਂ ਨੇ ਬਕਸੇ ਵਿੱਚੋਂ ਦੋਵੇਂ ਚੈੱਕ ਚੋਰੀ ਕਰ ਲਏ ਤੇ ਕੁਝ ਦਿਨਾਂ ਬਾਅਦ ਦੇਹਰਾਦੂਨ ਜਾ ਕੇ ਚੈੱਕ ਕੈਸ਼ ਕਰਵਾ ਲਏ। ਬਾਅਦ ਵਿਚ ਸਹਾਇਕ ਮੈਨੇਜਰ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਥਾਣਾ ਕੋਤਵਾਲੀ ਦੇ ਇੰਚਾਰਜ ਹਰਜਿੰਦਰ ਸਿੰਘ ਮੁਤਾਬਕ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ। ਬੈਂਕ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਮੁਲਜ਼ਮਾਂ ਦੀਆਂ ਤਸਵੀਰਾਂ ਕੈਦ ਹੋ ਚੁੱਕੀਆਂ ਹਨ। ਸੂਤਰਾਂ ਮੁਤਾਬਕ ਪੁਲਿਸ ਨੇ ਸੀਸੀਟੀਵੀ ਫੁਟੇਜ ਜ਼ਰੀਏ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ।