ਖੇਤੀਬਾੜੀ
ਪਰਾਲੀ ਸਾੜਨ ਦੇ ਮਾਮਲਿਆਂ ‘ਚ ਆਈ 37 ਫੀਸਦ ਗਿਰਾਵਟ – ਡੀ.ਸੀ.
Published
3 years agoon
ਲੁਧਿਆਣਾ : ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 37 ਫੀਸਦ ਗਿਰਾਵਟ ਆਈ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਯੋਜਿਤ ਕਿਸਾਨ ਮੇਲੇ ਦੌਰਾਨ ਕਿਸਾਨਾਂ ਅਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿੱਚ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 37 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 15 ਸਤੰਬਰ ਤੋਂ 31 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ 1316 ਘਟਨਾਵਾਂ ਸਾਹਮਣੇ ਆਈਆਂ ਸਨ ਜੋ ਇਸ ਸਾਲ ਇਸੇ ਸਮੇਂ ਦੌਰਾਨ ਘਟ ਕੇ 826 ਰਹਿ ਗਈਆਂ ਹਨ।
ਉਨ੍ਹਾਂ ਪਰਾਲੀ ਸਾੜਨ ਤੋਂ ਗੁਰੇਜ਼ ਕਰਕੇ ਬਹੁਮੱਲੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਵਿੱਚ ਯੋਗਦਾਨ ਪਾਉਣ ਅਤੇ ਮਨੁੱਖਤਾ ਲਈ ਪੈਦਾ ਹੋਣ ਵਾਲੇ ਖ਼ਤਰੇ ਵਿਰੁੱਧ ਵਿੱਢੀ ਲੜਾਈ ਵਿੱਚ ਮੋਹਰੀ ਯੋਗਦਾਨ ਪਾਉਣ ਵਾਲੇ ਕਿਸਾਨਾਂ ਦੀ ਸ਼ਲਾਘਾ ਕੀਤੀ। ਸ੍ਰੀ ਸ਼ਰਮਾ ਨੇ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ 13 ਕਿਸਾਨਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਸ ਪ੍ਰਥਾ ਤੋਂ ਗੁਰੇਜ਼ ਕਰਨਾ ਚਾਹੀਦਾ ਜਿਸ ਨਾਲ ਵਾਤਾਵਰਣ ਗੰਧਲਾ ਹੋ ਰਿਹਾ ਹੈ।
ਖੇਤੀਬਾੜੀ ਵਿਭਾਗ ਵੱਲੋਂ ਅਜਿਹੇ ਮੇਲਿਆਂ ਦੇ ਆਯੋਜਨ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਮੇਲੇ ਕਿਸਾਨਾਂ ਦੀ ਮੁਹਾਰਤ ਨੂੰ ਹੋਰ ਨਿਖਾਰਨ ਲਈ ਬੇਹੱਦ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਕਿਸਾਨਾਂ ਨੂੰ ਖੇਤੀ ਵਿੱਚ ਨਵੀਂ ਤਕਨੀਕ ਦੀ ਵਰਤੋਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਫ਼ਸਲੀ ਪ੍ਰਬੰਧਨ ਅਤੇ ਮਿੱਟੀ ਦੀ ਸਿਹਤ ਸਬੰਧੀ ਕਿਸਾਨਾਂ ਨੂੰ ਅਹਿਮ ਸੇਧ ਦੇਣ ਵਿੱਚ ਵੀ ਸਹਾਈ ਹੁੰਦੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੇ ਸਕੱਤਰ ਸ੍ਰੀ ਪੀ.ਐਸ. ਕਾਲੇਕਾ ਨੇ ਅਗਾਂਹਵਧੂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਪਰਾਲੀ ਸਾੜਨ ਵਿਰੋਧੀ ਮੁਹਿੰਮ ਦਾ ਸੰਦੇਸ਼ ਫੈਲਾਉਣ ਤਾਂ ਜੋ ਸਾਫ਼ ਸੁਥਰਾ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਹੀ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ’ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
You may like
-
ਪੀ.ਏ.ਯੂ. ਨੇ ਹਾੜੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਿਆਂ ਦੀਆਂ ਤਰੀਕਾਂ ਐਲਾਨੀਆਂ
-
ਕਿਸਾਨ ਮੇਲਿਆਂ ਦੀ ਸਫ਼ਲਤਾ ਲਈ ਸਮੁੱਚੇ ਸਟਾਫ਼ ਦਾ ਕੀਤਾ ਧੰਨਵਾਦ
-
ਪਰਾਲੀ ਦੇ ਧੂੰਏਂ ਕਾਰਨ ਪੰਜਾਬ ‘ਚ ਸਭ ਤੋਂ ਵੱਧ ਪ੍ਰਦੂਸ਼ਿਤ ਹੈ ਲੁਧਿਆਣਾ, 300 ਤੋਂ ਪਾਰ AQI
-
ਡਿਪਟੀ ਕਮਿਸ਼ਨਰ ਵਲੋਂ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ
-
ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਲਈ ਲਗਾਇਆ ਜਾਗਰੂਕਤਾ ਕੈਂਪ
-
ਰਿਸ਼ਵਤ ਮੰਗਣ ਵਾਲਿਆਂ ਦੇ ਨਾਮ ਨਸ਼ਰ ਕਰੋ, ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ-ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ