ਲੁਧਿਆਣਾ : ਨਗਰ ਨਿਗਮ ਲੁਧਿਆਣਾ ਸਿਟੀ ਬੱਸ ਸਰਵਿਸ ਦੀਆਂ 37 ਕਬਾੜ ਵਾਲੀਆਂ ਬੱਸਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ। ਕਰੀਬ 17.50 ਕਰੋੜ ਰੁਪਏ ਦੀਆਂ ਇਹ ਬੱਸਾਂ ਪਿਛਲੇ ਸੱਤ ਸਾਲਾਂ ਤੋਂ ਖੜ੍ਹੀਆਂ ਹੋਣ ਕਾਰਨ ਕਬਾੜ ਬਣ ਗਈਆਂ ਹਨ। ਇਸ ਵਿੱਚ ਤਿੰਨ ਏਸੀ ਅਤੇ 34 ਲੋਅ ਫਲੋਰ ਬੱਸਾਂ ਸ਼ਾਮਲ ਹਨ। ਇਹ ਬੱਸਾਂ ਨਿਲਾਮੀ ਵਿੱਚ ਵੇਚੀਆਂ ਜਾਣਗੀਆਂ ਅਤੇ ਨਿਗਮ ਨੂੰ ਕਰੀਬ ਦੋ ਕਰੋੜ ਰੁਪਏ ਹੀ ਮਿਲਣ ਦੀ ਉਮੀਦ ਹੈ।
ਬੱਸਾਂ ਵੇਚਣ ਦਾ ਤਰਕ ਇਹ ਹੈ ਕਿ ਇਨ੍ਹਾਂ ਬੱਸਾਂ ਨੂੰ ਮੁੜ ਸੜਕ ਤੇ ਲਿਆਉਣ ਲਈ ਨਿਗਮ ਨੂੰ ਕਰੋੜਾਂ ਰੁਪਏ ਖਰਚ ਕਰਨੇ ਪੈਣਗੇ। ਸੂਤਰਾਂ ਅਨੁਸਾਰ ਇਨ੍ਹਾਂ ਬੱਸਾਂ ਨੂੰ ਵੇਚਣ ਲਈ ਚੰਡੀਗੜ੍ਹ ਤੋਂ ਹਰੀ ਝੰਡੀ ਮਿਲ ਗਈ ਹੈ। ਇਹ ਪ੍ਰਸਤਾਵ ਆਉਣ ਵਾਲੇ ਦਿਨਾਂ ਵਿੱਚ ਸਿਟੀ ਬੱਸ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਬੱਸਾਂ ਦੀ ਨਿਲਾਮੀ ਕੀਤੀ ਜਾਵੇਗੀ।
ਸਿਟੀ ਬੱਸ ਸੇਵਾ ਸਾਲ 2009 ਵਿੱਚ ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵੀਨੀਕਰਨ ਮਿਸ਼ਨ ਯੋਜਨਾ ਦੇ ਤਹਿਤ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਪਹਿਲਾਂ 200 ਬੱਸਾਂ ਖਰੀਦੀਆਂ ਜਾਣੀਆਂ ਸਨ। ਨਿਗਮ ਵੱਲੋਂ 65.20 ਕਰੋੜ ਰੁਪਏ ਖਰਚ ਕੇ ਸਿਰਫ਼ 120 ਬੱਸਾਂ ਹੀ ਖਰੀਦੀਆਂ ਗਈਆਂ।