ਲੁਧਿਆਣਾ : ਸਥਾਨਕ ਨਿਰਮਲ ਪੈਲੇਸ ਰੋਡ ‘ਤੇ ਦਿਨ ਦਿਹਾੜੇ 3 ਹਥਿਆਰਬੰਦ ਲੁਟੇਰੇ ਕਰਿਆਨਾ ਵਪਾਰੀ ਨੂੰ ਜ਼ਖ਼ਮੀ ਕਰਨ ਉਪਰੰਤ ਉਸ ਪਾਸੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਟਿੱਬਾ ਰੋਡ ਦਾ ਰਹਿਣ ਵਾਲਾ ਰਾਜੀਵ ਕੁਮਾਰ ਆਪਣੇ ਮੋਟਰਸਾਈਕਲ ‘ਤੇ ਨਿਰਮਲ ਪੈਲੇਸ ਨੇੜੇ ਜਾ ਰਿਹਾ ਸੀ ਕਿ ਉਥੇ ਉਸ ਨੂੰ ਮੋਟਰਸਾਈਕਲ ਸਵਾਰ 3 ਹਥਿਆਰਬੰਦ ਲੁਟੇਰਿਆਂ ਨੇ ਰੋਕ ਲਿਆ ਅਤੇ ਨਕਦੀ ਦੀ ਮੰਗ ਕੀਤੀ।
ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਹਥਿਆਰ ਕੱਢ ਲਏ ਤੇ ਉਸ ‘ਤੇ ਹਮਲਾ ਕਰ ਦਿੱਤਾ। ਲੁਟੇਰੇ ਵਪਾਰੀ ਤੋਂ 37 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਰਾਜੀਵ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।